Friday, August 20, 2010

ਕਾਮੇਡੀ ਕਲਾ ਦੀ ਸੁਚਾਰੂ ਪੇਸ਼ਕਾਰੀ ਦਾ ਸਿਰਨਾਵਾਂ - ਭਗਵੰਤ ਮਾਨ

******************************************



--ਰਘਵੀਰ ਸਿੰਘ ਚੰਗਾਲ



ਕਲਾ ਦੀ ਕੋਈ ਸੀਮਾ ਨਹੀਂ ਹੁੰਦੀ। ਕੋਈ ਵੀ ਕਲਾਕਾਰ ਉੱਚੇ ਤੋਂ ਉੱਚੇ ਮੁਕਾਮ ’ਤੇ ਪਹੁੰਚ ਕੇ ਵੀ ਹਮੇਸ਼ਾ ਅਧੂਰਾ ਮਹਿਸੂਸ ਕਰਦਾ ਹੈ। ਜਿਸ ਕਲਾਕਾਰ ਨੇ ਆਪਣੀ ਕਲਾ ਦੀ ਸੰਪੂਰਨਤਾ ਦਾ ਅਹਿਸਾਸ ਕਰ ਲਿਆ ਹੋਏ ਅਸਲ ਵਿਚ ਉਸ ਦੀ ਰਵਾਨਗੀ ਵਿਚ ਖੜੋਤ ਆ ਜਾਣੀ ਸੁਭਾਵਿਕ ਹੈ। ਪਿੰਡਾਂ ਦੀਆਂ ਸੱਥਾਂ ’ਚੋ ਸ਼ੁਰੂ ਹੋਈ ਭਗਵੰਤ ਮਾਨ ਦੀ ਕਲਾ ਨੂੰ ਸਮਰਪਿਤ ਜ਼ਿੰਦਗੀ ਹਰ ਚੜ੍ਹਦੀ ਸਵੇਰ ਨਵੀਆਂ ਪੁਲਾਂਘਾਂ ਹੀ ਨਹੀਂ ਪੁੱਟ ਰਹੀ ਸਗੋਂ ਛੜੱਪੇ ਮਾਰ-ਮਾਰ ਅੱਗੇ ਤੁਰਦੀ ਹੈ। ਇਹ ਗੱਲ ਅਸੀਂ ਸਭ ਭਲੀ-ਭਾਂਤ ਜਾਣਦੇ ਹਾਂ ਕਿ ਕੁਦਰਤੀ ਵਰਤਾਰੇ ਦਾ ਸਭ ਤੋਂ ਵਧੇਰੇ ਸੂਝਵਾਨ ਜੀਵ ਮਨੁੱਖ ਹੈ। ਕੁਦਰਤ ਨੇ ਇਸਨੂੰ ਰਹਿਣ-ਸਹਿਣ, ਖਾਣ-ਪੀਣ, ਸੋਚਣ-ਸਮਝਣ, ਬੋਲਣ ਤੇ ਪ੍ਰਗਟਾਉਣ ਦੇ ਸਮੁੱਚੇ ਵਰਤਾਰੇ ਦੇ ਨਿਯਮ ਬਾਰੇ ਪੂਰੀ ਸੂਝ ਬਖ਼ਸ਼ੀ ਹੈ। ਇਸ ਵਰਤਾਰੇ ਵਿਚ ਮਨੁੱਖੀ ਵਰਗ ਦੀਆਂ ਪਰਤਾਂ ਦੀ ਇੱਕ ਆਪਣੀ ਹੋਂਦ ਹੈ। ਸਭਿਅਕ ਤੇ ਅਸਭਿਅਕ ਮਨੁੱਖ ਦੀਆਂ ਗੱਲਾਂ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿਚ ਕਰਦੇ, ਸੁਣਦੇ ਰਹਿੰਦੇ ਹਾਂ। ਈਮਾਨਦਾਰ ਤੇ ਬੇਈਮਾਨ ਸ਼ਬਦ ਕਿਸੇ ਮਨੁੱਖ ਲਈ ਜਦੋਂ ਵਿਸ਼ੇਸ਼ਣ ਵਜੋਂ ਵਰਤੇ ਜਾਂਦੇ ਹਨ ਤਾਂ ਸਵੱਛ ਪਾਣੀ ਤੇ ਚਿੱਕੜ ਭਰੇ ਪਾਣੀ ਵਰਗਾ ਅੰਤਰ ਹੋ ਨਿਬੜਦਾ ਹੈ। ਇਸੇ ਅੰਤਰ ਨੂੰ ਭਗਵੰਤ ਮਾਨ ਨੇ ਆਪਣੀ ਕਲਾ ਦੇ ਜ਼ਰੀਏ ਉਜਾਗਰ ਕਰਨ ਦਾ ਉਪਰਾਲਾ ਹੀ ਨਹੀਂ ਕੀਤਾ ਸਗੋਂ ਕਾਮੇਡੀ ਦੇ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਪੰਜਾਬੀ ਕਾਮੇਡੀ ਜਗਤ ਵਿਚ ਭਗਵੰਤ ਮਾਨ ਦੇ ਦਾਖਲੇ ਨਾਲ ਪੰਜਾਬੀ ਹਾਸ ਕਲਾਕਾਰੀ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ। ਭਗਵੰਤ ਮਾਨ ਨੇ ਪੰਜਾਬੀ ਕਾਮੇਡੀ ਨੂੰ ਸਿਰਫ਼ ਭੰਡਾਂ ਵਾਲੇ ਹਾਸੇ ਠੱਠੇ ਤੋਂ ਚੁੱਕ ਕੇ ਗੰਭੀਰ ਰਾਜਨੀਤਕ ਅਤੇ ਸਮਾਜਿਕ ਵਿਅੰਗ ਤਕ ਪਹੁੰਚਾਇਆ ਹੈ। ਉਹ ਇੱਕੋ ਇੱਕ ਪੰਜਾਬੀ ਕਲਾਕਾਰ ਹੈ, ਜਿਹੜਾ ਪੇਂਡੂ ਤੇ ਸ਼ਹਿਰੀ ਸਮਾਜ ਦੀ ਤੁਲਨਾ ਐਨੇ ਪ੍ਰਪੱਕ ਤਰੀਕੇ ਨਾਲ ਕਰਦਾ ਹੈ। ਪਿੰਡ ਦੀ ਬੀਬੋ ਭੂਆ, ਵਿਦੇਸ਼ੀ ਵੱਸਦੇ ਲੋਕ, ਪੰਜਾਬੀ ਪੌਪ ਗਾਇਕ ਅਤੇ ਸ਼ਹਿਰਾਂ ਦੇ ਕਾਲਜੀਏਟ ਮੁੰਡੇ ਕੁੜੀਆਂ ਇੱਕੋ ਵੇਲੇ ਉਸਦੇ ਪਾਤਰ ਹਨ। ਨਿੱਤ ਬਦਲਦੇ ਤੇ ਫੈਲ ਰਹੇ ਪੰਜਾਬੀ ਆਈਟਮਾਂ ਵਿਚ ਪੂਰੀ ਨਿਰੰਤਰਤਾ ਨਾਲ ਮੌਜੂਦ ਹੈ । ਭਗਵੰਤ ਮਾਨ ਉਮਰ ਦੇ ਲਿਹਾਜ ਨਾਲ ਹਾਲੇ 30 ਕੁ ਵਰ੍ਹੇ ਟੱਪਿਆ ਹੈ ਪਰ ਪੰਜਾਬੀ ਕਾਮੇਡੀ ’ਤੇ ਉਸ ਦਾ ਪ੍ਰਭਾਵ ਐਨਾ ਜ਼ੋਰਦਾਰ ਹੈ ਕਿ ਉਸ ਤੋਂ ਬਾਅਦ ਆਉਣ ਵਾਲੇ ਕਾਮੇਡੀ ਕਲਾਕਾਰ ਉਸ ਦਾ ਪ੍ਰਭਾਵ ਕਬੂਲਣ ਬਿਨਾ ਨਹੀਂ ਰਹਿ ਸਕਣਗੇ।

ਅੱਜ ਦੀ ਤੇਜ਼ ਤਰਾਰ ਜ਼ਿੰਦਗੀ ਵਿਚ ਮਹਿੰਗਾਈ ਦੀ ਇੰਤਹਾ ਹੋ ਜਾਣ ਕਾਰਨ ਹਰ ਇੱਕ ਕਲਾਕਾਰ ਪੈਸੇ ਕਮਾਉਣ ਦੀ ਲਾਲਸਾ ਨਾਲ ਸਭ ਕੁੱਝ ਜਾਣਦਿਆਂ ਹੋਇਆਂ ਵੀ ਜ਼ਿੰਦਗੀ ਵਿਚ ਆਪਣੀ ਕੁਦਰਤ ਵੱਲੋਂ ਬਖ਼ਸ਼ੀ ਕਲਾ ਦਾ ਦੁਰਉਪਯੋਗ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਕਲਾਕਾਰ ਕਿਸੇ ਵੀ ਖੇਤਰ ਦਾ ਹੋਵੇ, ਉਸ ਦੀ ਸਭ ਤੋਂ ਪਹਿਲਾਂ ਇਹੀ ਇੱਛਾ ਹੁੰਦੀ ਹੈ ਕਿ ਉਹ ਕੋਠੀਆਂ, ਕਾਰਾਂ ਤੇ ਉੱਚੀ ਸ਼ੋਹਰਤ ਦਾ ਮਾਲਕ ਹੋਵੇ। ਬਿਨਾਂ ਮਿਹਨਤ ਮੁਸ਼ੱਕਤ ਕੀਤਿਆਂ ਰਾਤੋ-ਰਾਤ ਸਟਾਰ ਬਣਨ ਦੇ ਸੁਪਨੇ ਤਾਂ ਹਰੇਕ ਕਲਾਕਾਰ ਸਿਰਜਦਾ ਹੈ ਪਰ ਆਪਣੀ ਕਲਾ ਸਦਕਾ ਉਸਦੀ ਸਮਾਜ ਨੂੰ ਕੀ ਦੇਣ ਹੈ? ਇਹ ਸਿਰਫ਼ ਆਟੇ ’ਚ ਲੂਣ ਦੀ ਤਰ੍ਹਾਂ ਬਹੁਤ ਘੱਟ ਕਲਾਕਾਰਾਂ ਦੀ ਸੋਚ ਹੋ ਸਕਦੀ ਹੈ ਜਾਂ ਇੰਝ ਕਹਿ ਲਵੋ ਕਿ ਅਜਿਹੇ ਕਲਾਕਾਰ ਜੋ ਸਾਡੇ ਸਮਾਜਿਕ ਵਰਤਾਰੇ ਦੀਆਂ ਕਦਰਾਂ-ਕੀਮਤਾਂ ’ਤੇ ਪਹਿਰਾ ਦੇਣ ਦੀ ਗੱਲ ਆਪਣੇ ਪੱਲੇ ਬੰਨ੍ਹ ਕੇ ਰੱਖਦੇ ਹਨ, ਉਹਨਾਂ ਦੀ ਗਿਣਤੀ ਉਂਗਲਾਂ ’ਤੇ ਕਰਨ ਜੋਗੀ ਹੀ ਹੈ। ਇਸ ਕੌੜੇ ਸੱਚ ਦੀ ਕਸਵੱਟੀ ’ਤੇ ਭਗਵੰਤ ਮਾਨ ਪੂਰੀ ਤਰ੍ਹਾਂ ਖਰਾ ਉਤਰਦਾ ਹੈ । ਭਗਵੰਤ ਮਾਨ ਨੇ ਆਪਣੀ ਕਲਾ ਜ਼ਰੀਏ ਜਿਥੇ ਸਾਡੇ ਸਮਾਜ ਵਿਚ ਫੈਲ ਚੁੱਕੀਆਂ ਤੇ ਪਨਪ ਰਹੀਆਂ ਕੁਰੀਤੀਆਂ ਨੂੰ ਉਜਾਗਰ ਕਰਕੇ  ਉਹਨਾਂ ਦਾ ਚੌਰਾਹੇ ਭਾਂਡਾ ਭੰਨਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ, ਉਥੇ ‘ਕਾਮੇਡੀ’ ਕਲਾ ਨੂੰ ਵੀ ਨਵੇਂ ਅਰਥ ਪ੍ਰਦਾਨ ਕੀਤੇ ਹਨ। ਜਦੋਂ ਇਸ ਨੇ ਕਾਮੇਡੀ ਖੇਤਰ ਦੀ ਸਰਦਲ ’ਤੇ ਪੈਰ ਧਰਿਆ ਤਾਂ ਉਸ ਸਮੇਂ ਮਿਆਰ ਤੋਂ ਗਿਰੀ ਦੋ-ਅਰਥੀ ਤੇ ਲੱਚਰਤਾ ਦੇ ਮਿਲਗੋਭੇ ਨਾਲ ਲਬਰੇਜ਼ ਕਾਮੇਡੀ ਦਾ ਬੋਲਬਾਲਾ ਸੀ, ਜਿਸ ਨੂੰ ਸਿਰਫ਼ ਮਨਚਲੇ ਅਤੇ ਆਸ਼ਿਕ ਕਿਸਮ ਦੇ ਲੋਕ ਚਟਖਾਰੇ ਲਾ ਲਾ ਕੇ ਸੁਣਦੇ ਸਨ ਪਰ ਮਾਨ ਨੇ ਆਪਣੀ ਤੀਖਣ ਬੁੱਧੀ ਸਦਕਾ ਇਸ ਕਲਾ ਨੂੰ ਅਜਿਹੀ ਪੁੱਠ ਚਾੜ੍ਹੀ ਕਿ ਪਿੰਡ ਦੀ ਸੱਥ ’ਚੋਂ ਲੈ ਕੇ ਪਾਰਲੀਮੈਂਟ ਦੀਆਂ ਬਰੂਹਾਂ ਤੀਕ ਆਪਣੀ ਕਲਾ ਦੀ ਬਦੌਲਤ ਸਮਾਜ ਦੇ ਹਰ ਮਾੜੇ ਚੰਗੇ ਪੱਖ ਨੂੰ ਉਜਾਗਰ ਕਰਨ ਹਿੱਤ ਸਫ਼ਲਤਾ ਹਾਸਲ ਕੀਤੀ ਹੈ।

ਭਗਵੰਤ ਮਾਨ ਇੱਕ ਸਫ਼ਲ ਉਸਾਰੂ ਸੋਚ ਦਾ ਪਹਿਰੇਦਾਰ ਤੇ ਬਹੁਪੱਖੀ ਕਲਾਕਾਰ ਹੈ ।  ਇਹਨਾਂ ਸਤਰਾਂ ਦੇ ਲੇਖਕ ਨੂੰ ਉਸ ਵਿਚਲੇ ਅੰਦਰਲੇ ਚਿੰਤਨ ਨੂੰ ਜਾਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਭਗਵੰਤ ਮਾਨ ਸਹੀ ਮਾਅਨਿਆਂ ਵਿਚ ‘ਸੋਚ ਦਾ ਕਲਾਕਾਰ’ ਹੈ। ਉਸ ਦਾ ਸਮਾਜਕ ਵਰਤਾਰੇ ਨੂੰ ਪੜਚੋਲ ਕਰਨ ਦਾ ਆਪਣਾ ਵੱਖਰਾ ਅੰਦਾਜ਼ ਹੈ, ਜਿਸ ਨਾਲ ਉਸਦੀ ਜ਼ਿੰਦਗੀ ਦਾ ਮਨੋਰਥ ਸਪੱਸ਼ਟ ਝਲਕਦਾ ਹੈ। ਉਸ ਅਨੁਸਾਰ ‘ਧਨ ਕਮਾਊ ਪ੍ਰਵਿਰਤੀ ਭਾਵੇਂ ਹਰੇਕ ਮਨੁੱਖ ਵਿਚ ਹੋਣੀ ਜ਼ਰੂਰੀ ਹੈ ਪਰ ਇਸ ਦਾ ਤੌਰ-ਤਰੀਕਾ ਤਰਕ ਵਾਲਾ ਤੇ ਸਮਾਜਿਕ ਕਦਰਾਂ ਕੀਤਮਾਂ ਦੇ ਲਿਹਾਜ ਵਾਲਾ ਹੋਣਾ ਚਾਹੀਦਾ ਹੈ। ਮੈਂ ਚਾਹੁੰਦਾ ਹਾਂ ਕਿ ਕੁੱਝ ਅਜਿਹਾ ਕਰਾਂ ਜਿਸ ਨਾਲ ਜਦੋਂ ਮੈਂ ਇਸ ਖੇਤਰ ਵਿਚ ਨਾ ਵੀ ਹੋਵਾਂ ਤਾਂ ਲੋਕੀਂ ਯਾਦ ਕਰਨ ਕਿ ਭਗਵੰਤ ਮਾਨ ਨਾਂ ਦਾ ਵੀ ਇੱਕ ਕਲਾਕਾਰ ਸੀ।’

ਮੈਂ ਭਗਵੰਤ ਮਾਨ ਨੂੰ ਅਸਲੋਂ ਸਮਾਜਵਾਦੀ ਮਨੁੱਖ ਮੰਨਦਾ ਹਾਂ। ਅੱਜ ਦੇ ਕੰਪਿਊਟਰ ਯੁੱਗ ਵਿਚ ਉਹ ਆਪਣੇ ਦਿਮਾਗ ਤੋਂ ਕੰਪਿਊਟਰ ਵਾਂਗ ਹੀ ਕੰਮ ਲੈਂਦਾ ਹੈ। ਉਹ ਸਿਰਫ਼ ਦੇਸੀ ਭਾਸ਼ਾ ਵਿਚ ਹਸਾਉਣ ਨਹੀਂ ਜਾਣਦਾ, ਉਸ ਪਾਸ ਗਿਆਨ ਦਾ ਬਹੁਤ ਸਾਰਾ ਭੰਡਾਰ ਹੈ। ਜਿਸ ਕਰਕੇ ਉਹ ਸਮਾਜ ਵਿਚ ਵਾਪਰ ਰਹੇ ਹਰ ਵਰਤਾਰੇ ’ਤੇ ਆਪਣੀ ਬਾਜ਼ ਅੱਖ ਨਾਲ ਉਸ ਨੂੰ ਤਰਕ ਦੇ ਨਜ਼ਰੀਏ ਤੋਂ ਵਾਚਦਾ ਹੈ। ਸਮਾਜਕ ਕਦਰਾਂ-ਕੀਮਤਾਂ ਦੀ ਰਖਵਾਲੀ ਲਈ ਉਹ ਕਹਿਣੀ ਤੇ ਕਰਨੀ ਦੇ ਪੱਖ ਤੋਂ ਪੂਰੀ ਸਪੱਸ਼ਟਤਾ ਨਾਲ ਪੇਸ਼ ਹੁੰਦਾ ਹੈ। ਜਿਸ ਕਰਕੇ ਉਸ ਦੇ ਕਹੇ ਬੋਲ ਇੱਕ ਇਨਸਾਨ ਦੇ ਬੋਲ ਨਾ ਰਹਿ ਕੇ ਪੰਜਾਬ ਦੀ ਫਿਜ਼ਾ ਵਿਚ ਕਿਸੇ ਲਈ ਖ਼ੁਸ਼ਬੂਦਾਰ ਪੌਦੇ ਤੇ ਕਿਸੇ ਲਈ ਕੜਕਦੀ ਧੁੱਪ ਦਾ ਕਹਿਰ ਹੋ ਨਿਬੜਦੇ ਹਨ ।

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ‘ਪੰਜਾਬੀ ਸਭਿਆਚਾਰ ਦੀ ਸੇਵਾ’ ਦੇ ਨਾਂ ਥੱਲੇ ਜਾਂ ਸਰਕਾਰੀ ਤੇ ਗੈਰ-ਸਰਕਾਰੀ ਲੋਕਾਂ ਵੱਲੋਂ ਫੈਲਾਏ ਜਾਂਦੇ ‘ਸਮਾਜਕ ਪ੍ਰਦੂਸ਼ਣ’ ਦੀ ਰੋਕਥਾਮ ਲਈ ਉਹ ਇਸ ਖੇਤਰ ਵਿਚ ਇਕੱਲਾ ਹੀ ‘ਸੋਚ ਦੀ ਕਮਾਨ’ ਲੈ ਕੇ ‘ਸੋਚ ਦੇ ਤਰਕਸ਼’ ਸੰਗ ‘ਅਣਿਆਲੇ ਤੀਰਾਂ ਦੀ ਬੁਛਾੜ ਕਰ ਰਿਹਾ ਹੈ । ਇਹ ਕਲਾਕਾਰ ਲੋਕਾਂ ਤੇ ਸਿਆਸਤਦਾਨਾਂ ਦੀਆਂ ਕਰਤੂਤਾਂ ਦੀ ਪੋਲ ਵੀ ਜਨਤਾ ਦੀ ਕਚਹਿਰੀ ਵਿਚ ਨਿਧੜਕ ਹੋ ਕੇ ਖੋਲ੍ਹ ਜਾਂਦਾ ਹੈ । ਜਰਨੈਲ ਘੁਮਾਣ ਦੇ ਮਿਲੇ ਥਾਪੜੇ ਤੇ ਕੁੱਝ ਸੁਚਾਰੂ ਸੋਚ ਦੇ ਬੰਦਿਆਂ ਦੀ ਸਲਾਹ ਸਦਕਾ ਨਵੇਂ ਦਿਸਹੱਦੇ ਸਿਰਜ ਚੁੱਕੇ ਭਗਵੰਤ ਮਾਨ ਨੇ ਅਜੇ ਆਪਣੀ ਕਲਾ ਦੇ ਜ਼ਰੀਏ ‘ਉਕਾਬ’ ਬਣ ਕੇ ¦ਬੀ ਅਸਮਾਨੀ ਪਰਵਾਜ਼ ਭਰਨ ਦੀ ਜਗਿਆਸਾ ਆਪਣੀ ਅਗੋਸ਼ ਵਿਚ ਸਮੋ ਰੱਖੀ ਹੈ। ਜ਼ਿੰਦਾ ਦਿਲ ਇਸ ਪ੍ਰਤਿਭਾਸ਼ਾਲੀ ਨੌਜਵਾਨ ਬਾਰੇ ਸੁਣ ਕੇ ਮੈਨੂੰ ਬੇਹੱਦ ਹੈਰਾਨੀ ਹੋਈ ਕਿ ਇਸ ਨੇ ਪਿੰਡ ਦੀ ਹਰ ਗਰੀਬ ਘਰ ਦੀ ਲੜਕੀ ਲਈ 5100 ਰੁਪਏ ਦੀ ਸ਼ਗਨ ਦੇਣ ਦੀ ਵਿਲੱਖਣ ਪਿਰਤ ਪਾਈ ਹੈ। ਹਰ ਸਾਲ ਸਰਦੀਆਂ ਮੌਕੇ ਗਰੀਬਾਂ ਤੇ ਬੇਸਹਾਰਾ ਲੋਕਾਂ ਲਈ ਕੰਬਲ ਦਾਨ ਕਰਨੇ ਤੇ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕਰਨਾ ਇਸ ਕਲਾਕਾਰ ਦੀ ਜ਼ਿੰਦਗੀ ਦਾ ਅਕੀਦਾ ਹੈ। ਏਸੇ ਕਰਕੇ ਜਦੋਂ ਵੀ ਇਸ ਦੇ ਇਲਾਕੇ ਵਿਚ ਭਗਵੰਤ ਮਾਨ ਦੀ ਗੱਲ ਚੱਲਦੀ ਹੈ ਤਾਂ ਸੁਭਾਵਕ ਹੀ ਕੋਈ ਗੰਭੀਰ ਜਿਹਾ ਸ਼ਖ਼ਸ ਕਹਿ ਦਿੰਦਾ ਹੈ-‘ਨਿੱਤ-ਨਿੱਤ ਨਈਂ ਭਗਵੰਤ ਮਾਨ ਜੰਮਣੇ ਮਾਵਾਂ ਨੂੰ ਪੁੱਤ ਨਿੱਤ ਜੰਮਦੇ।’

ਡੇਢ ਦਰਜਨ ਤੋਂ ਵੱਧ ਕਾਮੇਡੀ ਆਡੀਓ-ਵੀਡੀਓ ਕੈਸੇਟਾਂ, ਵੱਖ-ਵੱਖ ਪੰਜਾਬੀ ਚੈਨਲਾਂ ’ਤੇ ਚਲਦੇ ਸੀਰੀਅਲਾਂ ‘ਜੁਗਨੂੰ ਕਹਿੰਦਾ ਏ’, ‘ਜੁਗਨੂੰ ਮਸਤ-ਮਸਤ’, ‘ਡਾਇਲ-ਏ-ਪੰਜਾਬ’ ਤੇ ਟੀ. ਵੀ. ਦੇ ਅਨੇਕਾਂ ਪ੍ਰੋਗਰਾਮਾਂ ਵਿਚ ਐਂਕਰ ਦੇ ਤੌਰ ’ਤੇ ਕੰਮ ਕਰਕੇ ਆਪਣੀ ਕਲਾ ਦੀ ਧਾਂਕ ਜਮਾਈ ਹੋਈ ਹੈ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਤਬਾਹੀ, ਕਚਹਿਰੀ, ਸੁੱਖਾ, ਨੈਣ-ਪ੍ਰੀਤੋ ਦੇ, ਮਾਂ ਪੰਜਾਬੀ ਤੇ ਸਿਕੰਦਰਾ ਵਿਚ ਕਾਮੇਡੀ ਰੋਲ ਅਦਾ ਕਰਕੇ ਨਵੀਆਂ ਪੈੜਾਂ ਪਾਈਆਂ ਹਨ। ‘ਜੱਟਾ ਦਾ ਮੁੰਡਾ ਗਾਉਣ ਲੱਗਿਆ’ ਤੇ ‘ਦਮ ਲੈ ਲਓ’ ਨਿਰੋਲ ਗੀਤਾਂ ਦੀਆਂ ਆਡੀਓ ਕੈਸੇਟਾਂ ਵੀ ਸਰੋਤਿਆਂ ਦੀ ਝੋਲੀ ਪਾ ਕੇ ਇਸ ਕਾਲਕਾਰ ਨੇ ਚੋਖਾ ਨਾਮਣਾ ਖੱਟਿਆ ਹੈ। ਬੀਤੇ ਦਿਨੀਂ ਉਸਦੀ ਦੀ ਰਿਹਾਇਸ਼ ’ਤੇ ਹੋਈ ਗੱਲਬਾਤ ਪਾਠਕਾਂ ਲਈ ਪੇਸ਼ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ :-

?-ਸਭ ਤੋਂ ਪਹਿਲਾਂ ਸਾਨੂੰ ਆਪਣੇ ਪਰਿਵਾਰਕ ਪਿਛੋਕੜ ਬਾਰੇ ਤੇ ਅੱਜ ਬਾਰੇ ਚਾਨਣਾ ਪਾਓ।

-ਮੇਰਾ ਜਨਮ ਸੰਗਰੂਰ ਜ਼ਿਲੇ ਦੀ ਤਹਿਸ਼ੀਲ ਸੁਨਾਮ ਦੇ ਪਿੰਡ ਸਤੌਜ ਵਿਖੇ ਪਿਤਾ ਸ. ਮਹਿੰਦਰ ਸਿੰਘ ਮਾਨ ਦੇ ਘਰ ਮਾਤਾ ਹਰਪਾਲ ਕੌਰ ਦੀ ਕੁੱਖੋਂ ਹੋਇਆ। ਇਕਲੌਤੀ ਭੈਣ ਮਨਪ੍ਰੀਤ ਕੌਰ ਦਾ ਇਕਲੌਤਾ ਭਰਾ ਹਾਂ । ਮੇਰੀ ਬੇਟੀ ਸੀਰਤ ਮਾਨ ਅਤੇ ਬੇਟਾ ਦਿਲਸ਼ਾਨ ਮਾਨ ਮੇਰੇ ਦੋ ਬੱਚੇ ਹਨ। ਸਰਕਾਰੀ ਹਾਈ ਸਕੂਲ ਚੀਮਾ ਮੰਡੀ ਤੋਂ ਦਸਵੀਂ ਦੀ ਪੜ੍ਹਾਈ ਕਰਕੇ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ’ਚ ਦਾਖ਼ਲਾ ਲੈ ਲਿਆ। ਇਸੇ ਦੌਰਾਨ ਹੀ ਮੇਰਾ ਵਾਹ ਸਟੇਜ ਨਾਲ ਪੈ ਗਿਆ। ਮੋਨੋਐਕਟਿੰਗ ਤੇ ਸਟੇਜੀ ਪ੍ਰੋਗਰਾਮ ਕਰਨੇ ਮੇਰੀ ਪੜ੍ਹਾਈ ਦੇ ਨਾਲ਼-ਨਾਲ਼ ਚਲਦੇ ਰਹੇ। ਮੇਰੇ ਪਿਤਾ ਜੀ ਕਿੱਤੇ ਵਜੋਂ ਸਰਕਾਰੀ ਅਧਿਆਪਕ ਹਨ, ਉਹਨਾਂ ਨੂੰ ਇਹ ਮਰਾਸੀਆਂ ਵਾਲਾ ਕੰਮ ਪਸੰਦ ਨਹੀਂ ਸੀ ਪਰ ਮੈਂ ਇਹ ਆਪਣਾ ਸ਼ੌਕ ਚੋਰੀ ਛੁਪੇ ਜਾਰੀ ਰੱਖਿਆ ਤੇ ਸਾਲ 1980-81 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਹੋਏ ਪੰਜਾਬ ਪੱਧਰ ਦੇ ਮੋਨੋ-ਐਕਟਿੰਗ ਮੁਕਾਬਿਲਾਂ ’ਚੋਂ ਸੁਨਾਮ ਕਾਲਜ ਲਈ ਲਗਾਤਾਰ ਕਈ ਗੋਲਡ ਮੈਡਲ ਜਿੱਤ ਕੇ ਲਿਆਂਦੇ।

?-ਸਾਨੂੰ ਇਹ ਦੱਸੋ ਕਿ ਤੁਸੀਂ ਕਾਮੇਡੀ ਦੇ ਖੇਤਰ ਵਿਚ ਕਿਵੇਂ ਪ੍ਰਵੇਸ਼ ਕੀਤਾ।

-ਬਚਪਨ ਤੋਂ ਹੀ ਮੇਰਾ ਸੁਭਾਅ ਸ਼ਰਾਰਤੀ ਕਿਸਮ ਦਾ ਸੀ, ਕੁੱਝ ਨਾ ਕੁੱਝ ਅੱਜ ਵੀ ਹੈ। ਮੈਂ ਆਪਣੇ ਸਾਥੀਆਂ, ਮਿੱਤਰਾਂ ਨੂੰ ਸੁਨਾਉਣਾ ਕਿ ਟਰੈਕਟਰ ਦੀ ਆਵਾਜ਼ ਕਿਵੇਂ ਹੁੰਦੀ ਹੈ, ਟਰੱਕ ਆਵਾਜ਼ ਕਿਵੇਂ ਕਰਦੈ। ਫਿਰ ਸਕੂਲੀ ਪੜ੍ਹਾਈ ਦੌਰਾਨ ਮੈਨੂੰ ਕੋਈ ਵਿਸ਼ੇਸ਼ ਉਤਸ਼ਾਹੀ ਤਾਂ ਨਹੀਂ ਮਿਲਿਆ ਪਰ ਕਾਲਜ ਦੀ ਪੜ੍ਹਾਈ ਦੌਰਾਨ ਮੈਂ ਕਾਮੇਡੀ ਖੇਤਰ ਵਿਚ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ।

?-ਸਕੂਲ ਦੀ ਪੜ੍ਹਾਈ ਦੌਰਾਨ ਤੁਹਾਡੇ ਅੰਦਰ ਛੁਪੀ ਪ੍ਰਤਿਭਾਵਾਨ ਕਲਾ ਨੂੰ ਕਿਸੇ ਅਧਿਆਪਕ ਨੇ ਕਿਉਂ ਨਹੀਂ ਪਛਾਣਿਆ।

-ਦੇਖੋ ਜੀ, ਸਾਡਾ ਇਲਾਕਾ ਪੱਛੜਿਆ ਹੋਇਆ ਇਲਾਕਾ ਹੈ । ਆਰਥਕ ਪੱਖੋਂ ਵੀ ਤੇ ਵਿੱਦਿਅਕ ਪੱਖੋਂ ਵੀ । ਪੰਜਾਬ ਦੇ ਹੋਰਾਂ ਸਕੂਲਾਂ ਵਾਂਗ ਸਾਡੇ ਇਲਾਕੇ ਦੇ ਸਕੂਲਾਂ ’ਚ ਸਭਿਆਚਾਰਕ ਤੇ ਹੋਰ ਸਮਾਜਿਕ ਗਤੀਵਿਧੀਆਂ ਵੱਲ ਘੱਟ ਹੀ ਧਿਆਨ ਦਿੱਤਾ ਜਾਂਦੈ।

?-ਤੁਸੀਂ ਸਮਾਜਿਕ ਬੁਰਾਈਆਂ ’ਤੇ ਵਿਅੰਗ ਕਰਕੇ ਲੋਕਾਂ ਨੂੰ ਹਸਾਇਆ ਹੈ । ਇਹ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਕਹਿਣ ’ਤੇ ਕੀਤਾ ਜਾਂ ਤੁਹਾਡੇ ਆਪਣੇ ਦਿਮਾਗ ਦੀ ਸੋਚ ਸੀ।

-ਮੇਰੀ ਪਹਿਲੀ ਕੈਸੇਟ ਆਈ ਸੀ ‘ਗੋਭੀ ਦੀਏ ਕੱਚੀਏ ਵਪਾਰਨੇ’ ਇਹ ਮੇਰਾ ਪੈਰੋਡੀ ਗੀਤ ਸੀ। ਇਸ ਵਿਚ ਮੈਂ ਸਧਾਰਨ ਕਿਸਮ ਦੀ ਕਾਮੇਡੀ ਕੀਤੀ ਸੀ, ਜਿਵੇਂ ਗੋਭੀ ਮਰ ਗਈ, ਚਿੱਬੜਾਂ ਨੇ ਹੜਤਾਲ ਕਰਤੀ, ਮੱਛਰ ਨੇ ਗੱਡੀ ਨੂੰ ਟੱਕਰ ਮਾਰੀ ਆਦਿ ਵਰਗੇ ਚੁਟਕਲੇ ਸਨ। ਪਰ ਇਹ ਪਰਿਵਾਰਕ ਦਾਇਰੇ ’ਚ ਰਹਿ ਕੇ ਕਰਵਾਈ ਗਈ ਸੀ। ਫਿਰ ਮੇਰੇ ਯਾਰਾਂ ਦੋਸਤਾਂ ਨੇ ਸੁਝਾਅ ਦਿੱਤੇ ਕਿ ਜੇਕਰ ਭਗਵੰਤ ਤੈਂ ਲੰਬੀ ਦੌੜ ਦਾ ਘੋੜਾ ਬਨਣੈ ਤਾਂ ਕੁੱਝ ਅਜਿਹਾ ਕਰਕੇ ਵਿਖਾ, ਜਿਸ ਨਾਲ ਸਾਡੇ ਸਮਾਜ ਦਾ ਵੀ ਸੁਧਾਰ ਹੋਵੇ ਤੇ ਤੇਰੇ ਕੀਤੇ ਕੰਮ ਚਿਰ ਸਦੀਵੀਂ ਲੋਕਾਂ ਨੇ ਜ਼ਿਹਨ ’ਚ ਵੱਸ ਜਾਣ। ਫਿਰ ਮੈਂ ਕੈਸੇਟ ਕੀਤੀ ਸੀ ‘ਕੁਲਫ਼ੀ ਗਰਮਾ-ਗਰਮ’ ਜਿਸ ਨੂੰ ਲੋਕਾਂ ਨੇ ਚਾਈਂ-ਚਾਈਂ ਖਿੜੇ ਮੱਥੇ ਕਬੂਲ ਕੀਤਾ। ਇਸ ਕੈਸੇਟ ਦਾ ਸਮੁੱਚਾ ਮੈਟਰ ਮੈਂ ਖ਼ੁਦ ਤਿਆਰ ਕੀਤਾ ਸੀ ।

?-ਕਾਮੇਡੀ ਤੋਂ ਇਲਾਵਾ ਤੁਾਹਡੀਆਂ ਕੈਸੇਟਾਂ ਵਿਚਲੇ ਗੀਤਾਂ ਨੂੰ ਵੀ ਖ਼ੂਬ ਸੁਣਿਆ ਜਾਂਦਾ ਹੈ, ਇਹ ਗਾਇਕੀ ਦੇ ਗੁਣ ਕਿੱਥੋਂ ਗ੍ਰਹਿਣ ਕੀਤੇ।

-ਗਾਇਕੀ ਦੇ ਗੁਣ ਤਾਂ ਕਿਹੜੇ ਨੇ ਸਾਡੇ ’ਚ (ਹੱਸਦੇ ਹੋਏ)। ਫਿਰ ਵੀ ਇਹ ਤਾਂ ਉਵੇਂ ਹੈ ਜਿਵੇਂ 'ਜੱਟਾਂ ਦਾ ਮੁੰਡਾ ਗਾਉਣ ਲੱਗਿਆ' ਗੀਤ ਤਾਂ ਇੱਕ ਤਰ੍ਹਾਂ ਕਾਮੇਡੀ ਦੇ ਲਗਾਤਾਰ ਵਹਾਅ ਕਾਰਨ ਟੇਸਟ ਚੇਂਜ ਕਰਨ ਲਈ ਗਾਉਣਾ ਪੈਂਦਾ ਹੈ, ਇਸ ਨਾਲ ਸਰੋਤਾ ਅਕੇਵਾਂ ਜਿਹਾ ਮਹਿਸੂਸ ਨਹੀਂ ਕਰਦਾ। ਮੇਰਾ ਗੀਤ ਮਸ਼ਹੂਰ ਹੋਇਆ ਸੀ, ‘ਲੁਕ-ਲੁਕ ਤੀਵੀਂ ਕੋਲੋਂ ਅਸੀਂ ਰੋਂਦੇ ਰਹੇ’,ਇਹ ਪੈਰੋਡੀ ਗੀਤ ਸੀ। ਮੈਂ ਗੀਤ ਰਿਕਾਰਡ ਕਰਵਾਉਣ ਸਮੇਂ ਪੂਰੀ ਮਿਹਨਤ ਕਰਦਾ ਹਾਂ ਤੇ ਕੋਸ਼ਿਸ਼ ਹੁੰਦੀ ਹੈ ਕਿ ਕੁੱਝ ਚੰਗਾ ਕੀਤਾ ਜਾਵੇ।

?-ਤੁਹਾਨੂੰ ਕਦੋਂ ਅਹਿਸਾਸ ਹੋਇਆ ਕਿ ਮੈਂ ਇੱਕ ਸਫ਼ਲ ਕਾਮੇਡੀ ਕਲਾਕਾਰ ਬਣ ਗਿਆ ਹਾਂ।

-ਅਹਿਸਾਸ ਤਾਂ ਮੈਨੂੰ ਹੁਣ ਤਕ ਵੀ ਨਹੀਂ ਹੋਇਆ ਕਿ ਮੈਂ ਸੰਪੂਰਨ ਕਲਾਕਾਰ ਬਣ ਗਿਆ ਹਾਂ। ਮੈਂ ਕੋਈ ਆਪਣੇ ਨਾਂ ਨਾਲ ਅਜਿਹਾ ਕੋਈ ਵਿਸ਼ੇਸ਼ਣ ਨਹੀਂ ਲੁਆਉਣਾ ਚਾਹੁੰਦਾ, ਜਿਸ ਨਾਲ ਮੈਨੂੰ ਲੋਕ ਕਾਮੇਡੀ ਦਾ ਸਿਤਾਰਾ, ਕਾਮੇਡੀ ਕਿੰਗ ਆਦਿ ਉਪਾਧੀਆਂ ਨਾਲ ਕਿਸੇ ਨਾ ਕਿਸੇ ਮੋੜ ’ਤੇ ਜਾ ਕੇ ਬੰਦੇ ਦੇ ਮਨ ’ਚ ਸੰਤੁਸ਼ਟੀ ਦਪ ਭਾਵਨਾ ਆ ਜਾਂਦੀ ਹੈ, ਜਿਹੜੀ ਕਿਸੇ ਬੰਦੇ ਦੇ ਕੰਮ ਕਰਨ ਦੀ ਸਥਿਤੀ ਵਿਚ ਖੜੋਤ ਦਾ ਕਾਰਨ ਬਣ ਜਾਂਦੀ ਹੈ । ਮੈਂ ਆਪਣੀ ਕੰਮ ਕਰਨ ਦੀ ਸਥਿਤੀ ਵਿਚ ਖੜੋਤ ਨਹੀਂ ਲਿਆਉਣਾ ਚਾਹੁੰਦਾ।

?-ਕਾਮੇਡੀ ਵਿਚ ਵੇਲ਼ਾ ਵਿਹਾ ਚੁੱਕੀ ਕਲਾਕਾਰੀ ਤੇ ਮੌਜੂਦਾ ਪੇਸ਼ਕਾਰੀ ਵਿਚ ਕੀ ਅੰਤਰ ਮਹਿਸੂਸ ਕਰਦੇ ਹੋ।

-ਮੈਂ ਜਦੋਂ ਇਸ ਖੇਤਰ ਵਿਚ ਪ੍ਰਵੇਸ਼ ਕੀਤਾ ਸੀ ਤਾਂ ਉਦੋਂ ਹਾਲਾਤ ਇਹ ਸਨ ਕਿ ਜਦ ਕੋਈ  ਲੁਧਿਆਣੇ ਦੇ ਕਿਸੇ ਕਲਾਕਾਰ ਨੂੰ ਬੁਕ ਕਰਨ ਜਾਂਦਾ ਸੀ ਤਾਂ ਨਾਲ ਹੀ ਕਹਿੰਦਾ ਸੀ ਕਿ ਕੋਈ ਨਾਲ ਹਸਾਉਣ ਵਾਲਾ ਵੀ ਲੈ ਆਉਣ। ਹੁਣ ਜਦ ਲੋਕ ਮੇਰਾ ਪ੍ਰੋਗਰਾਮ ਬੁਕ ਕਰਵਾਉਣ ਆਉਂਦੇ ਨੇ ਤਾਂ ਕਹਿੰਦੇ ਹਨ ਕਿ ਨਾਲ ਦਮ ਦਿਵਾਉਣ ਲਈ ਇੱਕ ਅੱਧਾ ਗਾਉਣ ਵਾਲਾ ਵੀ ਨਾਲ ਲੈ ਆਉਣਾ।

?-ਤੁਸੀਂ ਕੀ ਸਮਝਦੇ ਹੋ ਕਿ ਸਰੋਤੇ ਕਿਹੜੀ ਗੱਲ ਤੋਂ ਵਧੇਰੇ ਹੱਸਦੇ ਹਨ।

-ਸਾਰੇ ਸਰੋਤੇ ਸਾਰੀਆਂ ਗੱਲਾਂ ’ਤੇ ਨਹੀਂ ਹੱਸਦੇ । ਇਹਨਾਂ ਗੱਲਾਂ ਪ੍ਰਤੀ ਹਰ ਵਿਅਕਤੀ ਦਾ ਮਨੋਵਿਗਿਆਨਕ ਸਬੰਧ ਹੈ। ਕਈ ਲੋਕ ਸਮਝਦੇ ਹਨ ਕਿ ਉਹਨਾਂ ਦੀਆਂ ਦੱਬੀਆਂ ਹੋਈਆਂ ਭਾਵਨਾਵਾਂ ਨਾਲ ਛੇੜ-ਛਾੜ ਕਰਨ ਨਾਲ ਹਾਸਾ ਆਉਂਦਾ ਹੈ। ਮੈਂ ਸਮਝਦਾ ਹਾਂ ਕਿ ਦੱਬੀਆਂ ਹੋਈਆਂ ਰਾਜਨੀਤਕ, ਸਮਾਜਕ ਭਾਵਨਾਵਾਂ ਕਰਕੇ ਵੀ ਲੋਕ ਹੱਸਦੇ ਹਨ। ਮੈਂ ਆਪਣੇ ਸਟਾਈਲ ਨਾਲ ਸਾਡੇ ਰਾਜਨੀਤਿਕ ਤੇ ਪ੍ਰਬੰਧਕੀ ਸਿਸਟਮ ਵਿਰੁੱਧ ਭੜਾਸ ਕੱਢਦਾ ਹਾਂ।

?-ਤੁਸੀਂ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਹੋ, ਇਸ ਤਰ੍ਹਾਂ ਤੁਸੀਂ ਆਪਣੇ ਸਰੋਤਿਆਂ ਦੀ ਚੰਗੀ ਸਿਹਤ ਬਣਾਈ ਰੱਖਣ ਲਈ ਸਹਾਈ ਹੁੰਦੇ ਹੋ। ਇਸ ਬਾਰੇ ਕੀ ਕਹਿਣਾ ਚਾਹੋਗੇ।

-ਹਾਂ ਜੀ, ਅਸੀਂ ਆਪਣੀ ਕਲਾ ਦੇ ਜ਼ਰੀਏ ਡਾਕਟਰ ਲੋਕਾਂ ਦਾ ਕਾਫ਼ੀ ਕੰਮ ਘਟਾਉਂਦੇ ਹਾਂ। ਹੱਸਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਖਾਸ ਕਰਕੇ ਮਾਨਸਿਕ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਕਹਿੰਦੇ ਨੇ ਕਿ ਹੱਸਣਾ ਸਭ ਤੋਂ ਵੱਡੀ ਥੈਰੇਪੀ ਹੈ। ਪਰ ਕਈ ਵਾਰ ਜ਼ਿਆਦਾ ਹਾਸਾ ਨੁਕਸਾਨਦੇਹ ਵੀ ਹੋ ਜਾਂਦਾ ਹੈ। ਮੈਨੂੰ ਯਾਦ ਹੈ ਕਿ ਇੱਕ ਵਾਰ ਮੈਂ ਕੈਨੇਡਾ ਵਿਖੇ ਇੱਕ ਸ਼ੋਅ ਦੌਰਾਨ ਵੇਖਿਆ ਕਿ ਇੱਕ ਸਾਹ ਦਾ ਮਰੀਜ਼ ਐਨੀ ਜ਼ੋਰ ਦੀ ਹੱਸਿਆ ਕਿ ਬੇਹੋਸ਼ ਹੋ ਕੇ ਕੁਰਸੀ ਤੋਂ ਡਿੱਗ ਪਿਆ। ਕਿਤੇ ਚਾਰ ਘੰਟਿਆਂ ਬਾਅਦ ਹਸਪਤਾਲ ਜਾ ਕੇ ਉਸਨੂੰ ਸੁਰਤ ਆਈ। ਅਗਲੇ ਸ਼ੋਅ ਲਈ ਪ੍ਰਬੰਧਕਾਂ ਵੱਲੋਂ ਰੇਡੀਓ ਤੋਂ ਅਨਾਊਂਸਮੈਂਟ ਕਰਵਾਈ ਗਈ ਕਿ ‘ਭਗਵੰਤ ਮਾਨ ਦੇ ਸ਼ੋਅ ’ਚ ਸਾਹ ਦੇ ਮਰੀਜ਼ ਨਾ ਪਹੁੰਚਣ।’’

?-ਤੁਹਾਡੀ ਇਸ ਖੇਤਰ ’ਚ ਕਾਮਯਾਬੀ ਲਈ ਤੁਹਾਡੇ ਯਾਰਾਂ ਦੋਸਤਾਂ ਦਾ ਵੀ ਯੋਗਦਾਨ ਜ਼ਰੂਰ ਹੋਵੇਗਾ, ਜਿਹਨਾਂ ਦੇ ਕੀਮਤੀ ਸੁਝਾਵਾਂ ਨੇ ਤੁਹਾਡੇ ਕਦਮਾਂ ਨੂੰ ਸ਼ਕਤੀ ਪ੍ਰਦਾਨ ਕੀਤੀ।

-ਹਾਂ ਜੀ, ਸਭ ਤੋਂ ਪਹਿਲਾਂ ਤਾਂ ਮੇਰੇ ਪਲੇਠੇ ਕਦਮਾਂ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੇ ਸਾਡੇ ਇਲਾਕੇ ਦੇ ਹੀ ਸ਼੍ਰੀ ਜਰਨੈਲ ਘੁਮਾਣ ਜੀ ਹਨ। ਮੇਰੀਆਂ ਅਖ਼ਬਾਰਾਂ ’ਚ ਛਪੀਆਂ ਰਿਪੋਰਟਾਂ ਕਾਰਨ ਉਹ ਮੈਨੂੰ ਮਿਲਣ ਆਏ ਤੇ ਉਹਨਾਂ ਨੇ ਮੈਨੂੰ ਇੱਕ ਸਟੇਜ ਪ੍ਰੋਗਰਾਮ ਕਰਨ ਲਈ ਜਨਾਬ ਮਹੁੰਮਦ ਸਦੀਕ ਸਾਹਿਬ ਹੋਰਾਂ ਨਾਲ ਭੇਜਿਆ। ਮੈਂ ਉਹਨਾਂ ਨਾਲ ਕੁੱਝ ਸਮਾਂ ਕੰਮ ਕੀਤਾ । ਮੈਨੂੰ ਉਹਨਾਂ ਨਾਲ ਕੰਮ ਕਰਨ ਦਾ ਸਭ ਤੋਂ ਵੱਧ ਫਾਇਦਾ ਇਹ ਹੋਇਆ ਕਿ ਮੈਨੂੰ ਸਟੇਜ ਦੇ ਇੱਕ ਤਜਰਬੇਕਾਰ ਨਾਲ ਸਟੇਜ ’ਤੇ ਕੰਮ ਕਰਨ ਦਾ ਵਲ਼ ਮਿਲ ਗਿਆ।

?-ਮੁੱਢਲੇ ਦਿਨਾਂ ਦੀ ਕੋਈ ਅਜਿਹੀ ਘਟਨਾ, ਜਿਹੜੀ ਤੁਹਾਡੀ ਸਫ਼ਲਤਾ ਦੀ ਗੱਡੀ ਨੂੰ ਅੱਗੇ ਵਧਣ ਲਈ ਸਹਾਈ ਹੋਈ ਹੋਵੇ।

-ਘਟਨਾਵਾਂ ਤਾਂ ਜ਼ਿੰਦਗੀ ਦਾ ਅਟੁੱਟ ਹਿੱਸਾ ਹੁੰਦੀਆਂ ਹਨ। ਮੈਂ ਹਰ ਮਹਿਕਮੇ ’ਤੇ ਅਤੇ ਸਮਾਜਕ ਬੁਰਾਈਆਂ ’ਤੇ ਗੀਤ ਲਿਖਣੇ ਚਾਹੁੰਦਾ ਸੀ। ਸ਼ੁਰੂ-ਸ਼ੁਰੂ ਵਿਚ ਮੈਂ ਗੀਤ ਵੀ ਲਿਖੇ ਸਨ। ਜਦੋਂ ਮੈਂ ਅਜੇ +1 ਦਾ ਵਿਦਿਆਰਥੀ ਸੀ ਤਾਂ ਮੈਂ ਸ਼ਿੰਗਾਰਾ ਚਹਿਲ ਪਾਸ ਕੌਹਰੀਆਂ ਦੇ ਸਕੂਲ ਵਿਚ ਗੀਤ ਲੈ ਕੇ ਗਿਆ ਸੀ।  ਉਹਨਾਂ ਨੇ ਕਿਹਾ ਕਿ ਅਜਿਹੇ ਕੰਮ ਕਰੋ ਜਿਸ ਨਾਲ ਤੁਹਾਡੀ ਵੱਖਰੀ ਪਛਾਣ ਬਣੇ।

?-ਤੁਹਾਡੀ ਕੈਸੇਟ ਸੀ ‘ਜੱਟਾਂ ਦਾ ਮੁੰਡਾ ਗਾਉਣ ਲੱਗਿਆ’, ਜਿਹੜੀ ਤੁਹਾਡੇ ਨਿਰੋਲ ਗੀਤਾਂ ਦੀ ਹੀ ਤਿਆਰ ਕੀਤੀ ਹੋਈ ਐ। ਗਾਇਕ ਬਨਣ ਦਾ ਵਿਚਾਰ ਤੁਹਾਡੇ ਦਿਮਾਗ ਵਿਚ ਕਿਵੇਂ ਆਇਆ।

-ਮੈਂ ਹਰ ਮਹਿਕਮੇ ’ਤੇ ਅਤੇ ਸਮਾਜਿਕ ਬੁਰਾਈਆਂ ’ਤੇ ਵਿਅੰਗ ਕੀਤੈ ਜਿਸ ਵਿਚ ਪੁਲਿਸ, ਨੇਤਾ, ਪਟਵਾਰੀ, ਕੰਡਕਟਰ, ਦਰਜੀ, ਮੇਰੇ ਮੰਮੀ, ਡੈਡੀ ਹਰ ਵਰਗ ਬਾਰੇ ਉਸਦੀਆਂ ਕਮਜ਼ੋਰੀਆਂ ਬਾਰੇ, ਇੱਥੋਂ ਤਕ ਕਿ ਮੈਂ ਆਪਣੀ ਸਿਹਤ ਬਾਰੇ ਵੀ ਵਿਅੰਗ ਕੀਤੈ। ਪਿਛਲੇ ਥੋੜ੍ਹੇ ਜਿਹੇ ਸਮੇਂ ਤੋਂ ਮੈਂ ਪੰਜਾਬੀ ਗੀਤ ਸੁਣਦਾ ਆ ਰਿਹਾ ਸੀ। ਅਜਿਹੇ ਗੀਤ ਸੁਨਣ ਨੂੰ ਮਿਲ ਰਹੇ ਸਨ, ਜਿਹਨਾਂ ਕਰਕੇ ਮੈਨੂੰ ਬੜਾ ਦੁੱਖ ਹੋਇਆ। ਅਜਿਹੇ ਗੀਤ ਅੱਲੜ੍ਹ ਉਮਰ ਦੀ ਨੌਜਵਾਨ ਪੀੜ੍ਹੀ ਨੂੰ ਵਿਗਾੜ ਰਹੇ ਹਨ। ਅਜਿਹੇ ਵਿਸ਼ਿਆਂ ’ਤੇ ਗੀਤ ਲਿਖੇ ਜਾ ਰਹੇ ਹਨ ਕਿ ਉਹਨਾਂ ਦੀ ਇੱਕ ਸਭਿਅਕ ਮਨੁੱਖ ਕਲਪਨਾ ਵੀ ਨਹੀਂ ਕਰ ਸਕਦਾ। ਮੇਰੇ ਦਿਮਾਗ ’ਚ ਇਹ ਵਿਚਾਰ ਕਾਫ਼ੀ ਪਹਿਲਾਂ ਘਰ ਕਰ ਚੁੱਕਾ ਸੀ ਕਿ ਮੈਂ ਸਾਡੀ ਆਪਣੀ ਕਮਜ਼ੋਰੀ ’ਤੇ ਵੀ ਵਿਅੰਗ ਕਰਾਂ । ਉਹ ਮੈਂ ਪੂਰੇ ਗੀਤਾਂ ਦੀ ਕੈਸੇਟ ਕਰਕੇ ਹੀ ਕਰਨਾ ਚਾਹੁੰਦਾ ਸੀ ਪਰ ਮੈਂ ਉਦੋਂ ਇਸ ਕਰਕੇ ਨਹੀਂ ਕੀਤੀ ਕਿ ਮੈਂ ਆਪਣੀ ਕਾਮੇਡੀ ਦੀ ਹਿੱਟ ਕੈਸੇਟ ਤੋਂ ਬਾਅਦ ਹੀ ਕਰਾਂਗਾ ਤਾਂ ਕਿ ਲੋਕ ਕਹਿਣਗੇ ਗੀਤ ਜ਼ਿਆਦਾ ਨੇ ਸਕਿੱਟਾਂ ਘੱਟ ਨੇ ਹੁਣ ਏਹਦੇ ਕੋਲੋਂ ਗੱਲਾਂ ਦੀ ਵੱਖਰੀ ਕੈਸੇਟ ਤਿਆਰ ਕੀਤੀ ਸੀ, ਵਿਸ਼ੇ ਵੀ ਨਵੇਂ ਨਕੋਰ ਸਨ, ਜਿਹੜੇ ਪਹਿਲਾਂ ਕਦੇ ਆਈ ਹੀ ਨਹੀਂ। ਜਿਵੇਂ ਦੁਆਬੇ ’ਚ ਧੀਆਂ ਦੇ ਮਾਪੇ ਡਾਲਰਾਂ ਦੀ ਚਮਕ ਤੋਂ ਚੁੰਧਿਆ ਕੇ ਆਪਣੀਆਂ ਧੀਆਂ ਦੇ ਰਿਸ਼ਤੇ ਕਰ ਦਿੰਦੇ ਹਨ ਪਰ ਚਾਰ ਮਹੀਨਿਆਂ ਤੋਂ ਬਾਅਦ ਮੁੰਡਾ ਮੁੜ ਕੇ ਆਉਂਦਾ ਹੀ ਨਹੀਂ। ਇਸ ਵਿਸ਼ੇ ਬਾਰੇ ਕਦੇ ਕਿਸੇ ਗੀਤਕਾਰ ਨੇ ਸੋਚਿਐ?

?-ਇਸ ਟਰੈਡ ਨੂੰ ਭਵਿੱਖ ਵਿਚ ਵੀ ਨਿਰੰਤਰ ਜਾਰੀ ਰੱਖੋਗੇ।

-ਹਾਂ, ਮੇਰੀ ਹਰ ਸੰਭਵ ਕੋਸ਼ਿਸ਼ ਰਹੂਗੀ ਕਿ ਏਦਾਂ ਦੇ ਹੀ ਉਸਾਰੂ ਗੀਤਾਂ ਦੀਆਂ ਕੈਸੇਟਾਂ ਰਿਕਾਰਡ ਕਰਦਾ ਰਹਾਂ। ਮੇਰੀ ਕਾਮੇਡੀ ਦਾ ਪੱਧਰ ਹੋਰ ਹੈ। ਲੋਕਾਂ ਨੇ ਮੇਰੀ ਕੈਸੇਟ ਨੂੰ ਭਰਵਾਂ ਹੁੰਗਾਰਾ ਦਿੱਤੈ। ਜੇ ਮੇਰੀ ਕੈਸੇਟ ਨਾ ਚੱਲਦੀ ਫਿਰ ਤਾਂ ਮੈਂ ਸਮਝਦਾ ਕਿ ਕੀ ਕਰੀਏ ਲੋਕ ਨਹੀਂ ਬਦਲਦੇ, ਉਹ ਤਾਂ ਉਹੀ ਬੇਹੂਦਾ ਤੇ ਮਿਆਰ ਤੋਂ ਗਿਰੇ ਗੀਤ ਹੀ ਸੁਣ ਕੇ ਰਾਜ਼ੀ ਨੇ ਪਰ ਉਹਨਾਂ ਦੇ ਫ਼ੈਸਲੇ ਨਾਲ ਮੇਰਾ ਉਤਸ਼ਾਹ ਵਧਿਆ ਹੈ ਤੇ ਮੈਂ ਕਾਮੇਡੀ ਦੇ ਨਾਲ-ਨਾਲ ਗਾਇਕੀ ਵਿਚ ਵੀ ਸਫਲਤਾ ਹਾਸਿਲ ਕੀਤੀ ਹੈ ਤੇ ਇਹ ਮੈਂ ਜਾਰੀ ਰੱਖਾਂਗਾ। ਲੋਕਾਂ ਨੇ ਮੈਨੂੰ ਢੇਰ ਸਾਰੀਆਂ ਚਿੱਠੀਆਂ ਰਾਹੀਂ ਇਸ ਗੱਲ ਦੀ ਵਧਾਈ ਦਿੱਤੀ ਹੈ ਕਿ ਜੋ ਸਾਨੂੰ ਸੁਣਾਇਆ ਜਾ ਰਿਹੈ। ਅੱਜ ਕੱਲ੍ਹ ਦੇ ਨਵੇਂ ਗਾਇਕਾਂ ਵੱਲੋਂ ਇਹ ਸਾਰਾ ਕੁੱਝ ਸਾਡੀਆਂ ਹੀ ਧੀਆਂ ਭੈਣਾਂ ਦੇ ਗੀਤ ਬਣਾ ਕੇ ਸੁਣਾਇਆ ਜਾ ਰਿਹੈ। ਸਾਨੂੰ ਇਹ ਸਮਝ ਆ ਗਈ ਹੈ ਕਿ ਗੀਤਾਂ ਦਾ ਅਸਲੀ ਪੱਧਰ ਇਹ ਨਹੀਂ, ਹੋਰ ਹੈ।

?-ਕਿਹਾ ਜਾਂਦੈ ਕਿ ਚੈਨਲਾਂ ਤੋਂ ਬਿਨਾਂ ਕੈਸੇਟ ਨਹੀਂ ਚੱਲਦੀ। ਤੁਸੀਂ ਇਸ ਰੁਝਾਨ ਵੱਲ ਰੁਚਿਤ ਕਿਉਂ ਨਹੀਂ ਹੋਏ।

-ਮੈਂ ਤਾਂ ਕਹਾਂਗਾ, ਤੁਹਾਡੇ ਪਾਸ ਜੇ ਚੰਗਾ ਮੈਟਰ ਹੈ, ਚੰਗੀ ਗਾਇਕੀ ਹੈ ਤਾਂ ਚੈਨਲਾਂ ਤੋਂ ਬਿਨਾਂ ਵੀ ਕੈਸੇਟ ਚਲੇਗੀ। ਕੈਸੇਟ ਚੰਗੀ ਹੋਵੇ ਤਾਂ ਲੋਕ ਖ਼ੁਦ ਹੀ ਉਸਦੀ ਐਡ ਕਰ ਦਿੰਦੇ ਨੇ । ਇਸ ਤਰ੍ਹਾਂ ਪਬਲੀਸਿਟੀ ਹੋ ਜਾਂਦੀ ਹੈ। ਮੈਂ ਇਸ ਕੈਸੇਟ ਦੇ ਗੀਤ ਉੱਥੇ ਗਾ ਰਿਹਾਂ, ਜਿੱਥੇ ਇਹ ਮਾੜੇ ਤੇ ਗੈਰ-ਮਿਆਰੀ ਗੀਤ ਚਲਦੇ ਸੀ ਤਾਂ ਕਿ ਪਤਾ ਲੱਗੇ ਕਿ ਉਹ ਮਾੜੇ ਗੀਤ ਨੇ।

?-ਘਟੀਆ ਤੇ ਗੈਰ-ਮਿਆਰੀ ਗੀਤਾਂ ਦੀਆਂ ਕੈਸੇਟਾਂ ਦੇ ਰੁਝਾਨ ਨੂੰ ਕਿਵੇਂ ਰੋਕਿਆ ਜਾ ਸਕਦੈ।

-ਦੇਖੋ ਜੀ, ਇਹੀ ਤਾਂ ਮੈਂ ਇਸ ਕੈਸੇਟ ਜ਼ਰੀਏ ਕੀਤੈ। ਲੋਕਾਂ ਨੂੰ ਚਾਹੀਦੈ ਕਿ ਅਜਿਹੇ ਗੀਤਾਂ ਦੀਆਂ ਕੈਸੇਟਾਂ ਸੁਨਣ ਹੀ ਨਾ । ਜੇ ਸਾਰਾ ਮੀਡੀਆ ਹੀ ਸਖ਼ਤ ਸਟੈਂਡ ਲਵੇ ਤਾਂ ਅਜਿਹੇ ਗੀਤ ਲਿਖਣ, ਗਾਉਣ ਤੇ ਵੇਚਣ ਵਾਲਿਆਂ ਦਾ ਧੰਦਾ ਆਪੇ ਚੌਪਟ ਹੋ ਜਾਵੇਗਾ ਫਿਰ ਉਹ ਸੋਚਣਗੇ ਕਿ ਮਿਆਰੀ ਗੀਤਾਂ ਦੀਆਂ ਕੈਸੇਟਾਂ ਹੀ ਰਿਲੀਜ਼ ਕਰੀਏ। ਮੈਂ ਇਹ ਨਹੀਂ ਕਹਿੰਦਾ ਕਿ ਇਸ਼ਕ ਮੁਹੱਬਤ ਦੇ ਗੀਤ ਹੀ ਨਹੀਂ ਹੋਣੇ ਚਾਹੀਦੇ, ਮੈਂ ਤਾਂ ਕਹਿੰਦਾ ਹਾਂ ਕਿ ਗੀਤਾਂ ਦਾ ਪੱਧਰ ਹੋਣਾ ਚਾਹੀਦੈ। ਇਹ ਨਾ ਹੋਵੇ ਕਿ ਜੇ ਤੁਹਾਨੂੰ ਇਸ਼ਕ ਦਾ ਗ਼ਮ ਹੈ ਤਾਂ ਉਸ ਨੂੰ ਗੀਤਾਂ ਰਾਹੀਂ ਟੈਂਟਾਂ ਤਕ ਲੈ ਜਾਉਂ, ਡੋਲੀ ਵਾਲੀ ਕਾਰ ਭੰਨ ਦਿਉਂ, ਕਾਲਜਾਂ ਨੂੰ ਵਿਦਿਅਕ ਸੰਸਥਾਵਾਂ ਨਾ ਰਹਿ ਕੇ ਆਸ਼ਕੀ ਮਾਸ਼ੂਕੀ ਦੇ ਵਧੀਆ ਗੀਤ ਵੀ ਹਨ, ਜਿਵੇਂ ਹੰਸ ਰਾਜ ਹੰਸ ਜੀ ਦੇ ਗੀਤ ਨੇ, ਸਰਦੂਲ ਸਿਕੰਦਰ ਜੀ ਦੇ ਗੀਤ ਨੇ, ਜਿਹਨਾਂ ਨੂੰ ਲੋਕ ਪਰਿਵਾਰ ’ਚ ਬਹਿ ਕੇ ਸੁਣਦੇ ਨੇ। ਸ੍ਯਿਭਆਚਾਰਕ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਚੰਗੇ ਗੀਤ ਗਾਉਣ ਵਾਲਿਆਂ ਨੂੰ ਲੈ ਕੇ ਮੇਲੇ ਲਾਉਣ।

?-ਗੈਰ ਮਿਆਰੀ ਗੀਤ ਗੀਤਕਾਰ, ਗਾਇਕ ਜਾਂ ਕੰਪਨੀ ਦੀ ਮਜਬੂਰੀ ਵੀ ਹੋ ਸਕਦੀ ਹੈ।

-ਅਜਿਹੇ ਲੋਕਾਂ ਦੀ ਜਾਂ ਤਾਂ ਮਾਨਿਸਕ ਹਾਲਤ ਠੀਕ ਨਹੀਂ ਹੋਣੀ ਜਾਂ ਫਿਰ ਅੱਜ ਇਹਨਾਂ ਨੂੰ ਸਿਰਫ਼ ਪੈਸਾ ਹੀ ਪੈਸਾ ਦਿਸ ਰਿਹੈ । ਇਹਨਾਂ ਦੇ ਧੀਆਂ ਪੁੱਤ ਅਜੇ ਛੋਟੀ ਉਮਰ ਦੇ ਹੋਣੇ ਨੇ, ਇਹ ਲੋਕ ਆਪਣੀ ਇਸ ਕਰਤੂਤ ਰਾਹੀਂ ਦੂਰਦਰਸ਼ੀ ਨਤੀਜੇ ਨਹੀਂ ਵੇਖਦੇ ਹੋਣੇ । ਇਹਨਾਂ ਦੇ ਧੀਆਂ ਪੁੱਤ ਵੱਡੇ ਹੋ ਕੇ ਇਹ ਪੁੱਛਣ ਲਈ ਮਜਬੂਰ ਹੋਣਗੇ ਕਿ ਆਹ ਤੁਸੀਂ ਕੀ ਲਿਖਿਐ। ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਲੋਕ ਜਵਾਬਦੇਹ ਹੋਣਗੇ। ਬਾਕੀ ਇਹ ਆਪਣੇ ਬੱਚਿਆਂ ਨੂੰ ਅਜਿਹਾ ਕੁੱਝ ਕਰਨੋਂ ਕਿਵੇਂ ਰੋਕਣਗੇ ਜੋ ਕੁੱਝ ਅੱਜ ਉਹ ਆਪਣੇ ਗੀਤਾਂ ਵਿਚ ਕਰਦੇ ਨੇ । ਇਹਨਾਂ ਦੇ ਧੀਆਂ ਪੁੱਤ ਅਜਿਹਾ ਕੁੱਝ ਹੀ ਕਰਨਗੇ, ਜੋ ਇਹਨਾਂ ਦੇ ਗੀਤਾਂ ਰਾਹੀਂ ਸਾਡੀ ਅੱਜ ਦੀ ਪੀੜ੍ਹੀ ਅੱਗੇ ਪਰੋਸਿਆ ਜਾ ਰਿਹਾ ਹੈ। ਇਹ ਲੋਕ ਸਾਡੇ ਕਲਚਰ ਨੂੰ ਗੰਧਲਾ ਕਰ ਰਹੇ ਨੇ। ਇਹ ਲੋਕ ਪੰਜਾਬੀ ਸ੍ਯਿਭਆਚਾਰ ਨੂੰ ਲਹੂ-ਲੁਹਾਨ ਕਰਨ ’ਤੇ ਤੁਲੇ ਹੋਏ ਹਨ।

?-ਕੀ ਵਿਦੇਸ਼ਾਂ ਵਿਚ ਤੁਹਾਡੀ ਕਾਮੇਡੀ ਨੂੰ ਲੋਕ ਪੰਜਾਬ ਵਾਂਗ ਹੀ ਸੁਣਦੇ ਨੇ ।

-ਪਹਿਲਾਂ ਜਦੋਂ ਮੈਂ ਵਿਦੇਸ਼ਾਂ ਵਿਚ ਗਿਆ ਹੀ ਨਹੀਂ ਸਾਂ ਤਾਂ ਮੈਨੂੰ ਸਾਡੇ ਹੀ ਕਲਾਕਾਰ ਕਹਿਣ ਕਿ ਉਧਰ ਕਾਮੇਡੀ ਨੂੰ ਕੋਈ ਨਹੀਂ ਸੁਣਦਾ, ਮੈਂ ਬਹੁਤ ਡਰਿਆ ਹੋਇਆ ਸੀ ਪਰ ਮੇਰੇ ਖ਼ਿਆਲ ’ਚ ਜਿੰਨੇ ਵੀ ਦੇਸ਼ਾਂ ’ਚ ਮੈਂ ਸ਼ੋਅ ਕੀਤੇ ਹਨ ਕਦੇ ਕੋਈ ਚੀਕ ਵੀ ਨਹੀਂ ਪਈ। ਵਿਦੇਸ਼ਾਂ ਵਿਚ ਮੇਰੇ ਇਕੱਲੇ ਦੇ ਵੀ ਸ਼ੋਅ ਹੋਏ ਨੇ। ਜਿਹਨਾਂ ਨੂੰ ‘ਭਗਵੰਤ ਮਾਨ ਨਾਈਟ’ ਦਾ ਨਾਂ ਦਿੱਤਾ ਜਾਂਦਾ ਸੀ।

?-ਕਈ ਕਲਾਕਾਰ ਕਹਿੰਦੇ ਨੇ ਕਿ ਭਗਵੰਤ ਮਾਨ ਮੇਰਾ ਸ਼ਾਗਿਰਦ ਹੈ ਪਰ ਤੁਸੀਂ ਕਹਿੰਦੇ ਹੋ ਮੇਰਾ ਕੋਈ ਉਸਤਾਦ ਨਹੀਂ। ਇਸ ਵਿਚ ਅਸਲ ਗੱਲ ਕੀ ਹੈ?

-ਆਮ ਤੌਰ ’ਤੇ ਪੰਜਾਬੀਆਂ ਵਿਚ ਇਹ ਇੱਕ ਫਿਤਰਤ ਹੀ ਕਹੀ ਜਾ ਸਕਦੀ ਹੈ ਕਿ ਜੇਕਰ ਕਿਸੇ ਉਸਤਾਦ ਨੂੰ ਆਪਣੇ ਸ਼ਾਗਿਰਦ ਕਹਿ ਦਿੰਦੈ ਕਿ ਇਹ ਮੇਰਾ ਚੇਲਾ ਨਹੀਂ ਪਰ ਏਥੇ ਸਾਰਾ ਉਲਟ ਹੋ ਗਿਆ । ਜੇ ਕੋਈ ਕਹਿੰਦੈ ਮੈਂ ਉਸਦਾ ਉਸਤਾਦ ਹਾਂ, ਮੈਂ ਕਿਸੇ ਤੋਂ ਕੁੱਝ ਸਿੱਖਿਆ ਨਹੀਂ, ਸਿਰਫ਼ ਚਾਰ-ਪੰਜ ਸਟੇਜਾਂ ਸਾਂਝੀਆਂ ਜ਼ਰੂਰ ਕੀਤਆਂ ਨੇ। ਜੇ ਮੈਂ ਕਿਸੇ ਨਵੇਂ ਕਲਾਕਾਰ ਨੂੰ ਸਟੇਜ ’ਤੇ ਨਾਲ ਲੈ ਜਾਵਾਂ ਤਾਂ ਮੈਂ ਉਸਦਾ ਸਟਾਈਲ ਵੀ ਅਪਨਾਇਆ ਹੋਵੇ, ਫਿਰ ਕਹਿ ਸਕਦੈ। ਜੱਗੀ ਮੇਰੇ ਨਾਲ ਜਾਂਦੈ, ਮੈਂ ਜੱਗੀ ਦਾ ਗੁਰੂ ਨਹੀਂ ਬਣ ਗਿਆ, ਨਾ ਜੱਗੀ ਮੇਰਾ ਸ਼ਾਗਿਰਦ। ਇਹ ਉਸਤਾਦੀ ਦੌਰਾ ਉਹਨਾਂ ਨੂੰ ਡੇਢ ਕੁ ਸਾਲ ਤੋਂ ਪਿਐ। ਜੇ ਉਹਨਾਂ ਨੇ ਉਸਤਾਦ ਕਹਾਉਣੈ ਤਾਂ ਮੇਰੇ ਨਾਲ ਗੱਲ ਕਰ ਲੈਣ ਕਿ ਮੈਂ ਤੇਰਾ ਉਸਤਾਦ ਬਨਣੈ, ਆਮ ਤੌਰ ’ਤੇ ਚਲੇ ਜਾਂਦੇ ਨੇ ਉਸਤਾਦਾਂ ਪਾਸ। ਪਰ ਜੇਕਰ ਮੇਰੇ ਕਥਿਤ ਤੌਰ ’ਤੇ ਆਪੂੰ ਬਣੇ ਉਸਤਾਦ ਜੀ ਉਸਤਾਦ ਕਹਾ ਕੇ ਖੁਸ਼ ਹੁੰਦੇ ਨੇ ਤਾਂ ਆ ਜਾਣ, ਮੈਂ ਉਸਤਾਦ ਸਵੀਕਾਰ ਕਰਲੂੰਗਾ। ਜੇਕਰ ਮੇਰਾ ਅਜਿਹਾ ਕਰਨ ਨਾਲ ਉਹਨਾਂ ਦਾ ਕੁਝ ਸੰਵਰ ਸਕਦੈ ਜਾਂ ਖੁਸ਼ ਕਰਨ ਲਈ ਹੀ ਆਇਆ ਹੋਇਆਂ।

?- ਕੀ ਤੁਸੀਂ ਫ਼ਿਲਮਾਂ ’ਚ ਵੀ ਕੰਮ ਕੀਤੈ?

-ਹਾਂ ਜੀ, ਕੰਮ ਤਾਂ ਕੀਤੈ ਪਰ ਪ੍ਰੋਡਿਊਸਰਾਂ ਜਾਂ ਡਾਇਰੈਕਟਰਾਂ ਨੂੰ ਪਤਾ ਨਹੀਂ ਕਿ ਕਾਮੇਡੀਅਨ ਤੋਂ ਕਿਵੇਂ ਕੰਮ ਲੈਣੇ। ਉਹ ਤਾਂ ਸਟਿਪਨੀ ਦੇ ਤੌਰ ’ਤੇ ਹੀ ਕਾਮੇਡੀਅਨ ਤੋਂ ਕੰਮ ਲੈਂਦੇ ਨੇ। ਮੈਂ ਕਚਹਿਰੀ, ਤਬਾਹੀ , ਸੁੱਖਾ, ਨੈਣ ਪਰੀਤੋ ਦੇ, ਮਾਂ ਪੰਜਾਬ ਦੀ ਅਤੇ ਸਿਕੰਦਰਾ ਵਿੱਚ ਕੰਮ ਕੀਤੈ। ਵੈਸੇ ਫ਼ਿਲਮਾਂ ਵਾਲੇ ਮੇਰਾ ਨਾਂ ਜ਼ਿਆਦਾ ਵਰਤਦੇ ਹਨ। ਮੈਂ ਫ਼ੈਸਲਾ ਕਰ ਲਿਐ ਕਿ ਪੰਜਾਬੀ ਫ਼ਿਲਮਾਂ ’ਚ ਕੰਮ ਹੀ ਨਹੀਂ ਕਰਨਾ।

?-ਅੱਜ ਕੱਲ੍ਹ ਹਿੰਦੀ ਖੇਤਰ ਵੱਲ ਵਧੇਰੇ ਧਿਆਨ ਦੇ ਰਹੇ ਹੋ। ‘ਗਰੇਟ ਇੰਡੀਅਨ ਲਾਫਟਰ ਚੈਲਿੰਜ’ ਵਿਚ ਭਾਗ ਲੈ ਕੇ ਕਿਵੇਂ ਮਹਿਸੂਸ ਕਰ ਰਹੇ ਹੋ।

-‘ਸਟਾਰ ਵਨ’ ਚੈਨਲ ਵਾਲਿਆਂ ਦਾ ਇਹ ਬਹੁਤ ਵਧੀਆ ਉਪਰਾਲਾ ਕਿਹਾ ਜਾ ਸਕਦਾ ਹੈ, ਜਿਸ ਵਿਚ ਉਹਨਾਂ ‘ਗਰੇਟ ਇੰਡੀਅਨ ਲਾਫਟਰ ਚੈਲਿੰਜ’ ਨਾਂ ਦੇ ਸ਼ੋਅ ਦੌਰਾਨ ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟ ਚੁੱਕੇ ਕਾਮੇਡੀ ਕਲਾਕਾਰਾਂ ਨੂੰ ਸ਼ਾਮਲ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ। ਸਮੁੱਚੇ ਭਾਰਤ ਵਰਸ਼ ਵਿਚੋਂ ਲੱਖਾਂ ਦੀ ਤਾਦਾਦ ਵਿਚ ਕਾਮੇਡੀਅਨਾਂ ਨੇ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਲਈ ਅਰਜ਼ੀਆਂ ਦਾਖਲ ਕੀਤੀਆਂ, ਜਿਹਨਾਂ ’ਚੋਂ 50 ਕਾਮੇਡੀਅਨ ਇਸ ਸ਼ੋਅ ਲਈ ਬੁਲਾਏ। ਪੰਜਾਹਾਂ ਵਿਚੋਂ ਪਹਿਲੇ ਪੰਜ ਕਾਮੇਡੀਅਨਾਂ ਵਿਚ ਆਪਣੀ ਥਾਂ ਕਾਇਮ ਕਰ ਲੈਂਦਾ ਮੇਰੇ ਲਈ ਮਾਣਮੱਤੀ ਪ੍ਰਾਪਤੀ ਹੈ । ਮੈਂ ਇਸ ਨਾਲ ਕੌਮਾਂਤਰੀ ਪ੍ਰਸਿੱਧੀ ਹਾਸਲ ਹੋਣ ਦਾ ਮਾਣ ਪ੍ਰਾਪਤ ਕਰਨ ਵਾਲਾ ਕਲਾਕਾਰ ਬਣ ਗਿਆ ਹਾਂ। ਇਸ ਸ਼ੋਅ ਵਿਚ ਮੇਰੀ ਸ਼ਮੂਲੀਅਤ ਕਰਨ ਨਾਲ ਮੇਰੇ ਲਈ ਅੱਗੇ ਹੋਰ ਰਸਤੇ ਖੁੱਲ੍ਹ ਗਏ ਹਨ। ਜਿੱਥੇ ਇਸ ਸ਼ੋਅ ਦੀ ਹਰਮਨ-ਪਿਆਰਤਾ ਦਾ ਸਵਾਲ ਹੈ, ਜਿਸ ਦਿਨ ਇਸ ਸ਼ੋਅ ਵਿਚ ਮੇਰੀ ਐਂਟਰੀ ਸੀ, ਉਸ ਦਿਨ ਜੋ ਪ੍ਰਦਰਸ਼ਨ ਦਾ ਐਪੀਸੋਡ ਪ੍ਰਸਾਰਿਤ ਹੋਇਆ, ਉਸ ਦੀ ਟੀ. ਆਰ. ਪੀ. ਰਿਪੋਰਟ ਮਾਣਮੱਤੀ ਪ੍ਰਾਪਤੀ ਹੈ। ਇਸ ਪ੍ਰੋਗਰਾਮ ਵਿਚ ਮੇਰੀ ਸ਼ਮੂਲੀਅਤ ਨਾਲ ਮੇਰੀ ਕਲਾ ਦਾ ਖੇਤਰ ਨੈਸ਼ਨਲ ਪੱਧਰ ਤਕ ਫੈਲ ਗਿਆ ਹੈ। ਹਿੰਦੀ ਵਿਚ ਕਾਮੇਡੀ ਕਰਨ ਨਾਲ ਮੇਰਾ ਦਾਇਰਾ ਬਹੁਤ ਵਿਸ਼ਾਲ ਹੋ ਗਿਆ ਹੈ। ਇਸ ਪ੍ਰੋਗਰਾਮ ਦੇ ਪ੍ਰਸ਼ਾਰਿਤ ਹੋਣ ਤੋਂ ਪਹਿਲਾਂ ਜਦੋਂ ਕਦੇ ਮੈਂ ਹਿੰਦੀ ਕਾਮੇਡੀ ਕਲਾਕਾਰਾਂ ਨੂੰ ਵੇਖਦਾ ਸੀ ਤਾਂ ਮੈਂ ਆਪੇ ਤੋਂ ਬਾਹਰ ਹੋ ਕੇ ਕਹਿੰਦਾ ਹੁੰਦਾ ਸੀ, ਹਾਏ ਓਏ ਏਥੇ ਜੇ ਮੈਂ ਹੁੰਦਾ ਤਾਂ ਦੱਸਦਾ ਕਿ ਕਾਮੇਡੀ ਕਿਸਨੂੰ ਕਹਿੰਦੇ ਹਨ, ਹੁਣ ਮੌਕਾ ਮਿਲਿਐ ਦੇਖਦੇ ਜਾਓ...... ਆਗੇ-ਆਗੇ ਹੋਤਾ ਕਿਆ ਹੈ........

?-ਸੁਣਿਐ ਹਿੰਦੀ ਫ਼ਿਲਮਾਂ ’ਚ ਵੀ ਆਪ ਆਪਣੀ ਸ਼ਮੂਲੀਅਤ ਕਰਨ ਜਾ ਰਹੇ ਹੋ।

-ਜਾ ਕੀ ਰਿਹਾ ਹਾਂ, ਜਾ ਚੁੱਕਿਆ ਹਾਂ। ਫ਼ਿਲਮਾਂ ਤੋਂ ਇਲਾਵਾ ਕਈ ਇਸ਼ਤਿਹਾਰ ਕੰਪਨੀਆਂ ਮੇਰੇ ਪਿੱਛੇ ਆ ਗਈਆਂ ਹਨ।

?-ਅੱਜ ਕੱਲ੍ਹ ਪੰਜਾਬ ਦੇ ਗੇੜਿਆਂ ’ਚ ਕੁੱਝ ਜ਼ਿਆਦਾ ਹੀ ਕੱਟ ਲਾ ਰਹੇ ਹੋ।

-ਨਹੀਂ ਨਹੀਂ ਐਸੀ ਕੋਈ ਗੱਲ ਨਹੀਂ। ਕੁੱਝ ਵਿਦੇਸ਼ਾਂ ’ਚ ਸ਼ੋਅ ’ਚ ਰੁੱਝਿਆ ਹੋਣ ਕਰਕੇ ਤੇ ਕੁੱਝ ਹਿੰਦੀ ਚੈਨਲਾਂ ਜਿਵੇਂ ਸਟਰ ਵਨ ਦੇ ‘ਲਾਫਟਰ ਚੈਲੰਜ ਵਰਗੇ ਪ੍ਰੋਗਰਾਮ ’ਚ ਬਿਜ਼ੀ ਰਹਿਣ ਕਰਕੇ ਤੁਹਾਨੂੰ ਮੇਰੀ ਗ਼ੈਰ ਹਾਜ਼ਰੀ ਰੜਕੀ ਹੈ। ਮੇਰੇ ਪੰਜਾਬੀ ਸਰੋਤਿਆਂ, ਸ਼ੁਭਚਿੰਤਕਾਂ ਨੂੰ ਇਹ ਮਾਣ ਹੋਣਾ ਚਾਹੀਦਾ ਹੈ ਕਿ ਉਹਨਾਂ ਦਾ ਆਪਣਾ ਭਗਵੰਤ ਮਾਨ ਹਿੰਦੀ ਖੇਤਰ ਦੇ ਕਲਾਕਾਰਾਂ ਵਿਚ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕਾ ਹੈੇ। ਇੰਟਰਨੈਸ਼ਨਲ ਕਾਮੇਡੀ ਕਲਾਕਾਰ ਸ਼ੇਖਰ ਸੁਮਨ ਮੇਰੇ ਦੁਆਰਾ ਪੇਸ਼ ਕੀਤੀ ਕਾਮੇਡੀ ਨੂੰ ਸਿਖਰਲੇ ਦਰਜੇ ਦੀ ਕਾਮੇਡੀ ਦਾ ਨਾਂ ਦਿੰਦਾ ਕਹਿੰਦਾ ਹੈ ਕਿ ਇਸਦੇ ਚਾਰ-ਚਾਰ ਅਰਥ ਕੱਢੇ ਜਾ ਸਕਦੇ ਹਨ, ਜਿਸ ਤੋਂ ਅਸੀਂ ਉਸਾਰੂ ਸੇਧ ਲੈ ਸਕਦੇ ਹਾਂ।

?-ਤੁਸੀਂ ਆਪਣੇ ਸਹਿ ਕਲਾਕਾਰਾਂ ਵਿਚ ਅਕਸਰ ਰੱਦੋ ਬਦਲ ਕਿਉਂ ਕਰਦੇ ਰਹਿੰਦੇ ਹੋ।

-ਤੁਸੀਂ ਵੇਖਿਆ ਨਹੀਂ, ਮੇਰਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਨਵਾਂ ਪ੍ਰੋਗਰਾਮ ‘ਚੱਕ ਦੇ ਫੱਟੇ’ ਚੱਲ ਰਿਹੈ।

?-ਪੰਜਾਬੀ ਗੀਤਕਾਰੀ ਤੇ ਗਾਇਕੀ ਵਿਚ ਹਮੇਸ਼ਾ ਹੀ ਮਾਨਾਂ ਦੀ ਝੰਡੀ ਰਹੀ ਹੈ। ਕੀ ਕਦੇ ਸਾਰੇ ਮਾਨ ਇੱਕ ਹੀ ਸਟੇਜ ’ਤੇ ਇਕੱਠੇ ਹੋਏ ਨੇ।

-ਹਾਂ ਜੀ, ਅਸੀਂ ਅਮਰੀਕਾ ’ਚ ਇੱਕ ਸ਼ੋਅ ਕੀਤਾ ਸੀ, ਜਿਸ ਦਾ ਨਾਂ ‘ਮਾਨ ਹੀ ਮਾਨ’ ਰੱਖਿਆ ਗਿਆ ਸੀ, ਕੈਨੇਡਾ ’ਚ ਸੱਤ ਅੱਠ ਸ਼ੋਅ ਕੀਤੇ ਸਨ। ਉਹਨਾਂ ਵਿਚ ਗਾਇਕ ਹਰਭਜਨ ਮਾਨ ਸੀ, ਮੈਂ ਸੀ, ਗੁਰਸੇਵਕ ਮਾਨ ਜੀ, ਸਾਡਾ ਪਰਮੋਟਰ ਸੰਨੀ ਮਾਨ ਸੀ। ਜਦੋਂ ਸੰਨੀ ਮਾਨ ਇਹ ‘ਮਾਨ ਹੀ ਮਾਨ’ ਨਾਈਟਾਂ ਦਾ ਪ੍ਰੋਗਰਾਮ ਲੈ ਕੇ ਮੇਰੇ ਪਾਸ ਆਏ ਸਨ ਤਾਂ ਮੈਂ ਕਿਹਾ ਸੀ ਕਿ ਦੇਖ ਲਓ ਕਿਤੇ ਦੇਖਣ ਵਾਲੇ ਹੀ ਇਕੱਲੇ ਮਾਨ ਹੀ ਨਾ ਹੋਣ। ਉਹ ਕਹਿੰਦੇ ਦੇਖਣ ਵਾਲਿਆਂ ’ਤੇ ਇਸ ਦੀ ਕੋਈ ਪਾਬੰਦੀ ਨਹੀਂ ਹੋਵੇਗੀ।

?-ਕੀ ਤੁਸੀਂ ਸਮਝਦੇ ਹੋ ਕਿ ਤੁਹਾਡੀਆਂ ਸਕਿੱਟਾਂ ਤੇ ਗੀਤਾਂ ਕਰਕੇ ਸਮਾਜਿਕ ਸੁਧਾਰ ਹੋਇਐ।

-ਕਲਾਕਾਰ ਸਮਾਜ ਲਈ ਰੋਲ ਮਾਡਲ ਹੁੰਦੈ। ਲੋਕ ਕੋਸ਼ਿਸ਼ ਕਰਦੇ ਨੇ ਕਲਾਕਾਰ ਵਾਂਗ ਬਣਨ ਦੀ। ਲੋਕਾਂ ਦੀਆਂ ਚਿੱਠੀਆਂ ਆਉਂਦੀਆਂ ਹਨ, ਜਿਹਨਾਂ ’ਚ ਉਹ ਲਿਖਦੇ ਹਨ ਕਿ ਤੁਸੀਂ ਅਗਲੀ ਕੈਸੇਟ ’ਚ ਸਾਡੀਆਂ ਮੁਸ਼ਕਿਲਾਂ ਸਬੰਧੀ ਜ਼ਰੂਰ ਕੁੱਝ ਕਰਿਓ। ਪੁਲਸ ਵਾਲੇ ਨਾਕੇ ’ਤੇ ਰੋਕ ਕੇ ਆਪਣੀਆਂ ਮੰਗਾਂ ਨੋਟ ਕਰਵਾਉਂਦੇ ਨੇ ਕਿ ਮਾਨ ਸਾਹਿਬ ਸਾਨੂੰ ਟਾਈਮ ’ਤੇ ਤਨਖਾਹ ਨਹੀਂ ਮਿਲਦੀ, ਤਿੰਨ ਤੋਂ ਵੱਧ ਛੁੱਟੀਆਂ ਨਹੀਂ ਮਿਲਦੀਆਂ ਵਗੈਰਾ-ਵਗੈਰਾ....। ਜਿਸ ਕਰਕੇ ਮੈਨੂੰ ਮਹਿਸੂਸ ਹੁੰਦੈ ਕਿ ਮੇਰੀ ਕਾਮੇਡੀ ਅਸਰ ਅੰਦਾਜ਼ ਸਿੱਧ ਹੋਈ ਹੈ।

?-ਲੋਕ ਚੰਗੀ ਵਿਚਾਰਧਾਰਾ ਨੂੰ ਹੌਲ਼ੀ-ਹੌਲ਼ੀ ਅਪਨਾਉਂਦੇ ਨੇ ਪਰ ਮਾੜੀ ਨੂੰ ਝੱਟ ਗ੍ਰਹਿਣ ਕਰ ਲੈਂਦੇ ਹਨ, ਇਸ ਬਾਰੇ ਤੁਹਾਡਾ ਕੀ ਵਿਚਾਰ ਹੈ।

-ਜ਼ਖ਼ਮ ਉਧੇੜਨਾ ਹੋਵੇ ਤਾਂ ਇੱਕ ਪਲ ਲਗਦੈ ਪਰ ਜ਼ਖ਼ਮ ਭਰਨ ਨੂੰ ਬਹੁਤ ਸਮਾਂ ਲੱਗਦੈ, ਪਤਾ ਨਹੀਂ ਕਿੰਨੀਆਂ ਕੁ ਦਵਾਈਆਂ ਵਰਤਣੀਆਂ ਪੈਣਗੀਆਂ। ਇਹ ਜਿਹੜੀਆਂ ਗੈਰ ਮਿਆਰੀ ਗੀਤਾਂ ਦੀਆਂ ਕੈਸੇਟਾਂ ਨੇ ਇਹ ਸਾਡੇ ਸਮਾਜ ਦੇ ਪਿੰਡੇ ਤੇ ਟੱਕ ਨੇ ਪਰ ਇਹਨਾਂ ਟੱਕਾਂ ਦੇ ਜ਼ਖ਼ਮ ਭਰਨ ਲਈ ਤਾਂ ਸਮਾਂ ਲੱਗੇਗਾ। ਲੋਕ ਸਾਡੇ ਨਾਲ ਲੱਗਣਗੇ ਤਾਂ ਜ਼ਖ਼ਮ ਭਰੇ ਜਾਣਗੇ।

?-ਤੁਸੀਂ ਹਰ ਮਹਿਕਮੇ ਦੀਆਂ ਸਮਾਜਿਕ ਬੁਰਾਈਆਂ ’ਤੇ ਹਵਾ ਲਾਇਐ ਪਰ ਠੱਗਾਂ ਦੇ ਰੂਪ ’ਚ ਸਾਧਾਂ ਬਾਰੇ ਚੁੱਪ ਕਿਉਂ ਹੋ।

-ਅੱਜ ਮਹਿੰਗਾਈ ਦੇ ਯੁੱਗ ਵਿਚ ਹਰ ਬੰਦਾ ਦੁਖੀ ਐ, ਲੋਕਾਂ ’ਚ ਅੰਧ ਵਿਸ਼ਵਾਸ ਬਹੁਤ ਐ ਤੇ ਠੱਗਾਂ ਦੇ ਰੂਪ ’ਚ ਤੁਰੇ ਫਿਰਦੇ ਸਾਧ ਇਹਨਾਂ ਭੋਲੇ ਲੋਕਾਂ ਦਾ ਆਰਥਿਕ ਸ਼ੋਸ਼ਣ ਕਰਦੇ ਨੇ। ਮੈਂ ਪਹਿਲਾਂ ਥੋੜ੍ਹਾ-ਥੋੜ੍ਹਾ ਇਹਨਾਂ ਵਾਲੇ ਪਾਸੇ ਟਾਈਮ ਲਾਇਆ ਸੀ, ਤੁਹਾਡੇ ਸੁਝਾਅ ’ਤੇ ਅਮਲ ਕਰਕੇ ਇਸ ਪਾਸੇ ਵੱਲ ਵੀ ਉਚੇਚਾ ਧਿਆਨ ਦੇਵਾਂਗਾ ।

?-ਪ੍ਰੈਸ ਬਾਰੇ ਤੁਹਾਡਾ ਕੀ ਨਜ਼ਰੀਆ ਹੈ।

-ਦੇਖੋ ਜੀ ਪ੍ਰੈੱਸ ਦਾ ਬਹੁਤ ਵੱਡਾ ਰੋਲ ਹੁੰਦਾ ਸਮਾਜ ਵਿਚ। ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਅੱਜ ਕੱਲ੍ਹ ਪੂਰੇ ਜ਼ੋਰਾਂ ’ਤੇ ਚੱਲ ਰਿਹੈ । ਪ੍ਰਿੰਟ ਮੀਡੀਏ ਦਾ ਕੁੱਝ ਜ਼ਿਆਦਾ ਹੀ ਇੰਝ ਹੋਇਆ ਪਿਐ ਕਿ ਜੋ ਸੱਚ ਨੂੰ ਸੱਚ ਲਿਖੋ । ਕੈਸੇਟ ਸਮੀਖਿਆਕਾਰ ਹਰ ਕੈਸੇਟ ਬਾਰੇ ਲਿਖ ਦਿੰਦੇ ਨੇ ਕੈਸੇਟ ਸਾਂਭਣਯੋਗ ਹੈ। ਕੈਸੇਟਾਂ ਦੀਆਂ ਦੁਕਾਨਾਂ ’ਤੇ? ਪ੍ਰਮੋਟਰ ਵਾਲੇ ਕੋਠੇ ’ਚ ? ਟਰੱਕਾਂ ਦੀਆਂ ਸੈਲਫ਼ਾਂ ’ਚ ਜਾਂ ਘਰਾਂ ’ਚ ? ਸਾਰਾ ਪ੍ਰਿੰਟ ਮੀਡੀਆ ਜੇ ‘ਮਿਊਜ਼ਿਕ ਟਾਈਮਜ਼’ ਵਾਂਗ ਲੱਚਰ ਕਿਸਮ ਦੀ ਗਾਇਕੀ ਰੋਕਣ ਲਈ ਰੋਲ ਅਦਾ ਕਰੇ ਤਾਂ ਅਜਿਹੇ ਲੋਕਾਂ ਨੂੰ ਸੇਕ ਲੱਗੂ ਫਿਰ ਉਹ ਸੋਚਣ ਲਈ ਮਜ਼ਬੂਰ ਹੋਣਗੇ ਕਿ ਸਾਡਾ ਤਾਂ ਸਮਾਜਿਕ ਬਾਈਕਾਟ ਹੁੰਦਾ ਜਾ ਰਿਹੈ ।

?-ਮਾਨ ਸਾਹਿਬ ਕੁੱਝ ਆਪਣੇ ਵਿਆਹ ਵੇਲੇ ਦੀ ਯਾਦ ਸਾਂਝੀ ਕਰੋਗੇ ।

-ਲਓ ਜੀ, ਇਹ ਵੀ ਸੁਣ ਲਓ, ਸਾਡਾ ਵਿਆਹ ਮਹਿਜ਼ ਇਕ ਵਿਆਹ ਨਹੀਂ ਸੀ, ਉਹ ਤਾਂ ਦੋ ਦੇਸ਼ਾਂ ਦੇ ਸੱਭਿਆਚਾਰ ਦੀ ਮੋਹ ਭਿੱਜੀ ਇੱਕ ਗਲਵਕੜੀ ਸੀ । ਪ੍ਰਸਿੱਧ ਪਾਕਿਸਤਾਨੀ ਫ਼ਨਕਾਰ ਜਨਾਬ ਸ਼ੌਕਤ ਅਲੀ ਦੇ ਬੇਟੇ ਅੱਬਾਸ ਅਲੀ ਮੇਰਾ ਸਰਵਾਲਾ ਸੀ । ਇੱਕ ਪਾਸੇ ਜਨਾਬ ਸ਼ੌਕਤ ਅਲੀ ਸਾਡੇ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਮਿਲੇ ਰਹੇ ਨੇ, ਇੱਕ ਪਾਸੇ ਪ੍ਰਵੇਜ਼ ਮਹਿੰਦੀ ਗਾਇਕ ਸਰਦੂਲ ਸਿਕੰਦਰ ਨੂੰ ਗਲਵਕੜੀ ਪਾ ਰਹੇ ਹਨ। ਬੱਸ ਜੀ, ਤੁਸੀਂ ਗੱਲ ਹੀ ਛੱਡੋ, ਉਹ ਤਾਂ ਦੋ ਭਾਵਨਾਵਾਂ ਦਾ, ਦੋ ਵਗਦੇ ਦਰਿਆਵਾਂ ਦਾ ਸੰਗਮ ਸੀ । ਅਸੀਂ ਲੱਡੂਆਂ ਦਾ ਇੱਕ ਪੂਰਾ ਟੋਕਰਾ ਭਰ ਕੇ ਅਟਾਰੀ ਸਟੇਸ਼ਨ ਤੋਂ ਪਾਕਿਸਤਾਨ ਭੇਜਿਆ ਸੀ।

ਕੁੱਝ ਗੱਲਾਂ ਭਗਵੰਤ ਮਾਨ ਦੀ ਪਤਨੀ ਸ੍ਰੀਮਤੀ ਇੰਦਰਪ੍ਰੀਤ ਕੌਰ ਮਾਨ ਨਾਲ:

?-ਆਮ ਤੌਰ ’ਤੇ ਵੇਖਣ ’ਚ ਆਇਐ ਕਿ ਕਲਾਕਾਰਾਂ ਦੀਆਂ ਪਤਨੀਆਂ ਵਿਆਹ ਤੋਂ ਬਾਅਦ ਸੈਟੇਸਫਾਈਡ ਨਹੀਂ ਮਹਿਸੂਸ ਕਰਦੀਆਂ, ਤੁਸੀਂ ਕਿੰਨਾ ਕੁ ਸੰਤੁਸ਼ਟ ਹੋ ਕਿ ਮੈਂ ਠੀਕ ਜਗ੍ਹਾ ’ਤੇ ਆ ਗਈ ਹਾਂ।

-ਹਾਂ ਜੀ, ਹੁਣ ਤਾਂ ਮੈਨੂੰ ਮਹਿਸਾਸ ਹੋ ਗਿਐ ਕਿ ਮਾਂ ਠੀਕ ਜਗ੍ਹਾ ’ਤੇ ਆ ਗਈ, ਪਹਿਲਾਂ-ਪਹਿਲਾਂ ਮੈਨੂੰ ਬੜਾ ਓਪਰਾ-ਓਪਰਾ ਜਿਹਾ ਲੱਗਿਆ ਕਿ ਪਤਾ ਨਹੀਂ ਕਿਹੋ ਜਿਹੀ ਜ਼ਿੰਦਗੀ ਐ। ਸਾਰਾ ਦਿਨ ਫਿਰੀ ਤੁਰੀ ਜਾਂਦੇ ਐ। ਨਾ ਘਰ ਦੀ ਫ਼ਿਕਰ ਐ ਨਾ ਕੋਈ ਹੋਰ......। ਹੁਣ ਮੈਂ ਆਪਣੇ ਆਪ ਨੂੰ ਅਡਜੈਸਟ ਕਰ ਲਿਐ।

?-ਫਿਰ ਤੁਹਾਨੂੰ ਕਿਸੇ ਨੇ ਸਮਝਾਇਆ ਕਿ ਇਹ ਤਾਂ ਏਦਾਂ ਹੀ ਚੱਲੂ ।

-ਫਿਰ ਮੈਂ ਆਪਣੇ ਆਪ ਨੂੰ ਬਦਲ ਲਿਐ ਕਿ ਇਨ੍ਹਾਂ ਦਾ ਤਾਂ ਕੰਮ ਈ ਇਸ ਤਰ੍ਹਾਂ ਹੈ।

?-ਤੁਹਾਨੂੰ ਬਿਨਾਂ ਬੁਲਾਏ ਪਧਾਰੇ ਸੱਜਣਾਂ, ਪੱਤਰਕਾਰਾਂ ਦਾ ਆਉਣਾ ਕਿਹੋ ਜਿਹਾ ਲੱਗਦੈ ।

-ਉਂਝ ਤਾਂ ਚੰਗਾ ਲੱਗਦੈ ਕਿ ਮਾਨ ਸਾਹਿਬ ਲੋਕਾਂ ਦੇ ਹਰਮਨ ਪਿਆਰੇ ਕਲਾਕਾਰ ਨੇ ਤਾਂ ਹੀ ਪੱਤਰਕਾਰ ਤੇ ਹੋਰ ਸੱਜਣ ਮਿਲਣ ਲਈ ਆਉਂਦੇ ਨੇ ਪਰ ਕਈ ਵਾਰ ਜਦੋਂ ਸਾਡਾ ਕੋਈ ਘਰੇਲੂ ਬਾਹਰ ਜਾਣ ਦਾ ਜਾਂ ਸ਼ਾਪਿੰਗ ਕਰਨ ਦਾ ਪ੍ਰੋਗਰਾਮ ਬਣਿਆ ਹੋਵੇ ਤਾਂ ਇਹ ਬੁਰਾ ਲੱਗਦੈ।

?-ਸਾਨੂੰ ਆਪਣੇ ਪਰਿਵਾਰ ਬਾਰੇ ਦੱਸੋ ਕਿਹੋ ਜਿਹਾ ਲੱਗਦਾ ਹੈ।

-ਬਹੁਤ ਵਧੀਆ ਪਰਿਵਾਰ ਹੈ, ਮਾਨ ਸਾਹਿਬ ਤਾਂ ਆਪਣੇ ਕੰਮ ’ਚ ਬਹੁਤ ਬਿਜ਼ੀ ਰਹਿੰਦੇ ਹਨ, ਮੈਂ ਆਪਣੇ ਬੱਚਿਆਂ ਨਾਲ ਟਾਈਮ ਪਾਸ ਕਰ ਲੈਂਦੀ ਹਾਂ । ਵੈਸੇ ਮਾਨ ਸਾਹਿਬ ਵੀ ਮੇਰਾ ਖ਼ਿਆਲ ਰੱਖਦੇ ਨੇ। ਬੱਚਿਆਂ ’ਚੋਂ ਬੇਟੀ ਸੀਰਤ ਮਾਨ ਵੱਡੀ ਹੈ। ਸਕੂਲ ਜਾਂਦੀ ਹੈ। ਬੇਟਾ ਦਿਲਸ਼ਾਦ ਮਾਨ ਬਹੁਤ ਛੋਟਾ ਹੈ। ਇਸਦਾ 21 ਦਸੰਬਰ 2004 ਦਾ ਜਨਮ ਹੈ। ਮਾਤਾ-ਪਿਤਾ ਜੀ ਵੀ ਸਾਡੇ ਪਾਸ ਹੀ ਰਹਿੰਦੇ ਹਨ। ਪਰ ਕਦੇ ਕਦਾਈਂ ਉਹ ਪਿੰਡ ਸਤੋਜ ਵੀ ਚਲੇ ਜਾਂਦੇ ਹਨ।

?-ਮਾਨ ਸਾਹਿਬ, ਸਮੁੱਚੇ ਪੰਜਾਬ ਸਮੁੱਚੇ ਪੰਜਾਬੀਆਂ ਦੇ ਨਾਂ ਕੋਈ ਸੰਦੇਸ਼ ਦੇਣਾ ਚਾਹੋਗੇ।

-ਅਜੇ ਮੈਂ ਆਪਣੇ ਆਪ ਨੂੰ ਸੰਦੇਸ਼ ਦੇਣ ਦੇ ਯੋਗ ਨਹੀਂ ਸਮਝਦਾ ਪਰ ਫਿਰ ਵੀ ਪੰਜਾਬੀਆਂ ਬਾਰੇ ਮੇਰਾ ਇਹੋ ਵਿਚਾਰ ਹੈ ਕਿ ‘ਪੰਜਾਬੀ ਇੱਕ ਜ਼ਿੰਦਾਦਿਲ ਕੌਮ ਹੈ। ਅਸੀਂ ਬਹੁਤ ਹੀ ਮਹਾਨ ਵਿਰਸੇ ਦੇ ਮਾਲਕ ਹਾਂ । ਪੰਜਾਬੀਆਂ ਦੀ ਵਿਸ਼ਵ ਭਰ ਵਿਚ ਬੱਲੇ-ਬੱਲੇ ਹੈ । ਮੈਂ ਧੰਨਵਾਦੀ ਹਾਂ ਸਮੁੱਚੇ ਸਰੋਤਿਆਂ ਦਾ ਜਿਹਨਾਂ ਨੇ ਮੈਨੂੰ ਇੱਕ ਪੰਜਾਬੀ ਕਲਾਕਾਰ ਤੋਂ ਕੌਮੀ ਪੱਧਰ ਦਾ ਕਲਾਕਾਰ ਬਨਣ ਤਕ ਦਾ ਸਫ਼ਰ ਤੈਅ ਕਰਨ ਲਈ ਮੈਨੂੰ ਆਪਣੇ ਦਿਲਾਂ ਵਿਚ ਥਾਂ ਦਿੱਤੀ ਹੈ। ਏਸ ਮੁਕਾਮ ’ਤੇ ਪਹੁੰਚ ਕੇ ਮੇਰੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਗਈਆਂ ਹਨ। ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹੇਗੀ ਕਿ ਮੈਂ ਆਪਣੇ ਸਰੋਤਿਆਂ ਦੀਆਂ ਆਸਾਂ ’ਤੇ ਪੂਰਾ ਉਤਰਦਾ ਰਹਾਂ। ਮੈਨੂੰ ਮੇਰੇ ਸਰੋਤਿਆਂ ਪਾਸੋਂ ਪੂਰੀ ਉਮੀਦ ਹੈ ਕਿ ਉਹ ਮੈਨੂੰ ਇਸੇ ਤਰ੍ਹਾਂ ਪਿਆਰ ਬਖ਼ਸ਼ਦੇ ਰਹਿਣਗੇ ।


 ਲੇਖਕ :-- ਰਘਵੀਰ ਸਿੰਘ ਚੰਗਾਲ